ਘਰ-ਘਰ ਆਟਾ ਪਹੁੰਚਾਉਣ ਦੀ ਸਕੀਮ ਲਈ ਸਰਕਾਰ ਨੇ ਖਿੱਚੀ ਤਿਆਰੀ, GPS ਤੇ ਕੈਮਰੇ ਲੱਗੇ ਵਾਹਨ ਕਰਨਗੇ ਡਿਲੀਵਰੀ

0
736

ਚੰਡੀਗੜ੍ਹ। ਪੰਜਾਬ ਵਿੱਚ ਸਮਾਰਟ ਕਾਰਡ ਧਾਰਕਾਂ ਦੇ ਘਰ ਤੱਕ ਆਟਾ ਪਹੁੰਚਾਉਣ ਦੀ ਸਕੀਮ ਦਾ ਆਗਾਜ਼ 1 ਅਕਤੂਬਰ ਤੋਂ ਹੋ ਰਿਹਾ ਹੈ। ਇਸ ਸਕੀਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਇਸ ਸਕੀਮ ਦੇ ਤਹਿਤ ਹਰ ਮਹੀਨੇ 75 ਹਜ਼ਾਰ ਮੀਟ੍ਰਿਕ ਟਨ ਆਟਾ ਲੋਕਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਵੇਗਾ। ਇਸ ਸਕੀਮ ਵਿੱਚ ਕਣਕ ਦੀ ਪਿਸਾਈ ਲਈ ਮਾਰਕਫੈੱਡ ਨੇ 25 ਕੰਪਨੀਆਂ ਦੀ ਚੋਣ ਕੀਤੀ ਹੈ। ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸੂਬੇ ਨੂੰ 8 ਜ਼ੋਨਾਂ ਵਿੱਚ ਵੰਡਿਆ ਗਿਆ ਹੈ।

ਦੱਸ ਦੇਈਏ ਕਿ ਇਸ ਸਕੀਮ ਤਹਿਤ ਘਰ-ਘਰ ਆਟਾ ਪਹੁੰਚਾਉਣ ਵਾਲ਼ੇ ਵਾਹਨਾਂ ਵਿੱਚ GPS ਅਤੇ CCTV ਕੈਮਰੇ ਵੀ ਲੱਗੇ ਹੋਣਗੇ। ਨਾਲ ਹੀ ਇਸ ਵਿੱਚ ਆਟੇ ਨੂੰ ਤੋਲਣ ਲਈ ਮਸ਼ੀਨ ਵੀ ਲੱਗੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਕਣਕ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਪਨਗਰੇਨ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘਰਾਂ ਤੱਕ ਆਟਾ ਪਹੁੰਚਾਉਣ ਦੀ ਜ਼ਿੰਮੇਵਾਰੀ ਮਾਰਕਫੈੱਡ ਦੀ ਹੋਵੇਗੀ । ਇਸ ਸਕੀਮ ਦੇ ਤਹਿਤ 1.58 ਕਰੋੜ ਲਾਭਪਾਤਰੀਆਂ ਨੂੰ ਘਰ ਬੈਠੇ ਹੀ ਆਟੇ ਦੀ ਡਿਲੀਵਰੀ ਦਿੱਤੀ ਜਾਵੇਗੀ । ਇਸ ਲਈ ਆਵਾਜਾਈ ਦੇ ਟੈਂਡਰ ਵੀ ਪੂਰੇ ਹੋ ਚੁੱਕੇ ਹਨ। ਖ਼ੁਰਾਕ ਸਪਲਾਈ, ਪਨਗ੍ਰੇਨ ਅਤੇ ਮਾਰਕਫੈੱਡ ਵਿਭਾਗ ਲਾਭਪਾਤਰੀਆਂ ਦੇ ਘਰ ਦਾ ਡਾਟਾ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ। ਇਹ ਡਾਟਾ ਆਨਲਾਈਨ ਅਪਡੇਟ ਕੀਤਾ ਜਾਵੇਗਾ। ਜੇਕਰ ਲਾਭਪਾਤਰੀ ਨੇ ਕਣਕ ਜਾਂ ਆਟਾ ਲੈਣਾ ਹੈ ਤਾਂ ਇਸ ਦੀ ਸੂਚਨਾ ਉਸਨੂੰ 15 ਦਿਨ ਪਹਿਲਾਂ ਪੋਰਟਲ ‘ਤੇ ਜਾਂ ਖੁਦ ਜਾ ਕੇ ਖੁਰਾਕ ਸਪਲਾਈ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ।

ਪੰਜ ਕਿਲੋ ਆਟਾ ਮੁਫ਼ਤ ਸਪਲਾਈ ਕੀਤਾ ਜਾਵੇਗਾ ਜਾਂ ਇਸਦੇ ਨਾਮਿਨਲ ਚਾਰਜ ਦੇਣੇ ਪੈਣਗੇ, ਇਹ ਕੈਬਨਿਟ ਮੀਟਿੰਗ ਵਿੱਚ ਤੈਅ ਕੀਤਾ ਜਾਵੇਗਾ। ਸਰਕਾਰ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਕਿਤੇ ਵੀ ਕਿਸੇ ਪੈਕੇਟ ਤੋਂ ਇੱਕ ਗ੍ਰਾਮ ਵੀ ਆਟਾ ਘੱਟ ਹੋਇਆ ਤਾਂ ਇਸਦੀ ਜਵਾਬਦੇਹੀ ਜ਼ਿਲ੍ਹਾ ਅਫ਼ਸਰਾਂ ਦੀ ਹੋਵੇਗੀ। ਇਸ ਸਕੀਮ ਤੋਂ ਬਾਅਦ ਡਿਪੂ ਹੋਲਡਰਾਂ ਦਾ ਕੀ ਬਣੇਗਾ, ਇਸ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ । ਪੰਜਾਬ ਵਿੱਚ 16 ਹਜ਼ਾਰ ਤੋਂ ਵੱਧ ਡਿਪੂ ਹੋਲਡਰ ਹਨ, ਜਿਨ੍ਹਾਂ ਨੂੰ ਪ੍ਰਤੀ ਲਾਭਪਾਤਰੀ ਕਮਿਸ਼ਨ ਮਿਲਦੀ ਹੈ। ਇਸ ਤੋਂ ਪਹਿਲਾਂ ਆਟਾ-ਦਾਲ ਸਕੀਮ ਤਹਿਤ ਸਮਾਰਟ ਕਾਰਡ ਧਾਰਕਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪ੍ਰਤੀ ਮਹੀਨਾ 5 ਕਿਲੋ ਕਣਕ ਦਿੱਤੀ ਜਾਂਦੀ ਸੀ।