ਅਕਾਲੀ ਦਲ ਲਈ ਹੋਰ ਔਖਾ ਹੋਵੇਗਾ ਭਵਿੱਖ ਦਾ ਰਾਹ, ਬੀਬੀ ਜਗੀਰ ਕੌਰ ਨੇ 42 ਵੋਟਾਂ ਲੈ ਕੇ ਦਿੱਤੀ ਪੂਰੀ ਟੱਕਰ

0
5713

ਅੰਮ੍ਰਿਤਸਰ | ਅਕਾਲੀ ਦਲ ਲਈ ਪੰਜਾਬ ‘ਚ ਰਾਜਨੀਤੀ ਦਿਨ-ਬ-ਦਿਨ ਔਖੀ ਹੁੰਦੀ ਜਾ ਰਹੀ ਹੈ। ਬਾਗੀ ਹੋ ਕੇ ਚੋਣ ਐਸਜੀਪੀਸੀ ਦੀ ਪ੍ਰਧਾਨਗੀ ਦਾ ਚੋਣ ਲੜ੍ਹਣ ਵਾਲੀ ਬੀਬੀ ਜਗੀਰ ਕੌਰ ਨੇ 42 ਵੋਟਾਂ ਹਾਸਲ ਕੀਤੀਆਂ ਹਨ। ਪ੍ਰਧਾਨ ਤਾਂ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਹਨ ਪਰ ਬੀਬੀ ਜਗੀਰ ਕੌਰ ਨੂੰ ਪਈਆਂ 42 ਵੋਟਾਂ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਮੈਂਬਰਾਂ ਦੀ ਵੀ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਜ਼ਾਹਿਰ ਹੁੰਦੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਮੁੜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿੱਤ ਗਏ ਹਨ। ਇਸ ਚੋਣ ‘ਚ 157 ਮੈਂਬਰਾਂ ਨੇ ਆਪਣੀ ਵੋਟ ਪਾਈ, ਜਿਨ੍ਹਾਂ ‘ਚੋਂ 104 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ ਮਿਲੀਆਂ ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪਈਆਂ। ਐਗਜ਼ੈਕਟਿਵ ਕਮੇਟੀ ਵਿੱਚ ਬੀਬੀ ਜਗੀਰ ਕੌਰ ਧੜ੍ਹੇ ਦੇ 3 ਮੈਂਬਰ ਚੁਣ ਲਏ ਗਏ ਹਨ।

ਦੱਸ ਦਈਏ ਕਿ ਇਸ ਵਾਰ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਅਕਾਲੀ ਦਲ ਦੇ ਉੁਮੀਦਵਾਰ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਪਾਰਟੀ ‘ਚੋਂ ਕੱਢੀ ਗਈ ਬੀਬੀ ਜਗੀਰ ਕੌਰ ਵਿਚਕਾਰ ਸਖਤ ਮੁਕਾਬਲਾ ਸੀ। ਇਨ੍ਹਾਂ ਚੋਣਾਂ ‘ਤੇ ਦੁਨੀਆ ਭਰ ਦੇ ਸਿੱਖਾਂ ਦੀਆਂ ਅੱਖਾਂ ਟਿਕੀਆਂ ਹੋਈਆਂ ਸਨ। ਐਸਜੀਪੀਸੀ ਦੇ ਮੈਂਬਰ ਮਾਰਚ ‘ਚ ਬਜਟ ਅਤੇ ਨਵੰਬਰ ‘ਚ ਜਰਨਲ ਇਜਲਾਸ ਚ ਪ੍ਰਧਾਨ ਦੀ ਚੋਣ ਕਰਦੇ ਹਨ। ਮੰਗਲਵਾਰ ਸ਼ਾਮ ਨੂੰ ਹੋਈ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਚ.ਐਸ.ਧਾਮੀ ਨੂੰ 125 ਵੋਟਾਂ ਮਿਲਣ ਦੀ ਆਸ ਪ੍ਰਗਟਾਈ ਸੀ। ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ 28 ਸਾਲ ਪਹਿਲਾਂ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਸੀ।