ਪੰਜਾਬ ਦੇ ਆਬਕਾਰੀ ਵਿਭਾਗ ਨੂੰ ਵਿੱਤੀ ਸਾਲ 2019-20 ਦੌਰਾਨ ਕੋਈ ਘਾਟਾ ਨਹੀਂ ਪਿਆ
ਪੰਜਾਬ ਅੰਦਰ ਸਾਰੇ ਅਲਾਟ ਕੀਤੇ ਠੇਕੇ, ਸਿਵਾਏ ਕੰਟੇਨਮੈਂਟ ਜ਼ੋਨਾ ਵਿਚਲੇ ਠੇਕੇ ਖੁੱਲ੍ਹ ਚੁੱਕੇ
ਚੰਡੀਗੜ੍ਹ . ਕਿਆਸਅਰਾਈਆਂ ਦੇ ਉਲਟ ਪੰਜਾਬ ਦੇ ਆਬਕਾਰੀ ਵਿਭਾਗ ਨੂੰ ਵਿੱਤੀ ਸਾਲ 2019-20 ਦੌਰਾਨ ਕੋਈ ਘਾਟਾ ਨਹੀਂ ਪਿਆ ਸਿਵਾਏ ਕੋਵਿਡ-19 ਕਾਰਨ ਲੱਗੇ ਕਰਫਿਊ ਵਿਚ ਹੋਏ ਵਿੱਤੀ ਨੁਕਸਾਨ ਦੇ ਜਿਸ ਦਾ ਹਾਲੇ ਅਨੁਮਾਨ ਲਗਾਇਆ ਜਾਣਾ ਬਾਕੀ ਹੈ। ਇਹ ਖੁਲਾਸਾ ਆਬਕਾਰੀ ਵਿਭਾਗ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਨਵੀਂ ਆਬਕਾਰੀ ਨੀਤੀ ਦੀ ਮੀਟਿੰਗ ਵਿਚ ਹੋਇਆ ਹੈ। ਆਬਕਾਰੀ ਵਿਭਾਗ ਵੱਲੋਂ ਸਮੀਖਿਆ ਮੀਟਿੰਗ ਵਿੱਚ ਦੱਸਿਆ ਗਿਆ ਕਿ ਕੋਵਿਡ ਦੀ ਮਹਾਂਮਾਰੀ ਕਾਰਨ ਲਾਗੂ ਕੀਤੇ ਗਏ ਲੌਕਡਾਊਨ/ਕਰਫਿਊ ਸਦਕਾ ਹੋਏ ਨੁਕਸਾਨ ਤੋਂ ਇਲਾਵਾ ਵਿਭਾਗ ਨੂੰ 2019-20 ਵਿੱਤੀ ਵਰੇ ਦੌਰਾਨ ਕੋਈ ਵਿੱਤੀ ਘਾਟਾ ਨਹੀਂ ਪਿਆ। ਮੁੱਖ ਮੰਤਰੀ ਵੱਲੋਂ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਠੇਕਿਆਂ ਦੀ ਨਿਲਾਮੀ ਬਾਬਤ ਬਾਕੀ ਰਹਿੰਦੇ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜਿਆ ਜਾਵੇ ਤੇ ਨਾਲ ਹੀ ਕਿਹਾ ਕਿ ਆਮਦਨੀ ਨੂੰ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ।
ਉਨ੍ਹਾਂ ਵਿਭਾਗ ਨੂੰ ਲੌਕਡਾਊਨ ਕਾਰਨ ਪੈਦਾ ਹੋਏ ਹਾਲਾਤਾਂ ਦੀ ਜ਼ਮੀਨੀ ਹਕੀਕੀਤ ਦਾ ਸਮੇਂ ਸਿਰ ਪਤਾ ਲਗਾਉਣ ਲਈ ਹਰ ਸ਼ੁੱਕਰਵਾਰ ਵਿੱਤੀ ਵਸੂਲੀਆਂ ਨੂੰ ਰੀਵਿਊ ਕਰਨ ਲਈ ਵੀ ਆਖਿਆ। ਇਹ ਨਿਰਦੇਸ਼ ਕੋਵਿਡ ਸੰਕਟ ਦੇ ਸਨਮੁੱਖ ਸਾਲ 2020-21 ਦੀ ਆਬਕਾਰੀ ਨੀਤੀ ਵਿੱਚ ਮੁੱਖ ਮੰਤਰੀ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਪ੍ਰਮੁੱਖ ਸੋਧਾਂ ‘ਤੇ ਪੈਰਵੀ ਦੇ ਮਕਸਦ ਨਾਲ ਦਿੱਤੇ ਗਏ ਹਨ ਜਿਸ ਸਦਕਾ ਜਦੋਂ ਪੰਜਾਬ ਅੰਦਰ ਸਾਰੇ ਅਲਾਟ ਕੀਤੇ ਠੇਕੇ, ਸਿਵਾਏ ਕੰਟੇਨਮੈਂਟ ਜ਼ੋਨਾ ਵਿਚਲੇ ਠੇਕੇ ਖੁੱਲ ਚੁੱਕੇ ਹਨ। ਸੂਬੇ ਵਿੱਚ 589 ਗਰੁੱਪਾਂ ਵੱਲੋਂ ਚਲਾਏ ਜਾ ਰਹੇ 4404 ਠੇਕੇ ਖੁੱਲ ਗਏ ਹਨ। ਆਬਕਾਰੀ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਭਾਵੇਂ ਵਿੱਤੀ ਸਾਲ 2019-29 ਦੀਆਂ ਵਸੂਲੀਆਂ ਨੂੰ ਹਾਲੇ ਅੰਤਿਮ ਰੂਪ ਦਿੱਤਾ ਜਾਣਾ ਹੈ ਪਰ ਅੰਕੜੇ ਸੰਕੇਤ ਦਿੰਦੇ ਹਨ ਕਿ ਇਸ ਸਾਲ ਦੀ ਆਬਕਾਰੀ ਆਮਦਨ ਪਿਛਲੇ ਵਿੱਤੀ ਵਰੇ ਨਾਲੋਂ ਜ਼ਿਆਦਾ ਹੈ।
ਵਿੱਤੀ ਸਾਲ 2016-17 ਵਿੱਚ 4405 ਕਰੋੜ ਤੋਂ ਸਾਲ 2017-18 ਵਿੱਚ ਰਾਜ ਦੇ ਖਜ਼ਾਨੇ ਨੂੰ ਹੋਈ ਆਮਦਨ ਵਧ ਕੇ 5135.68 ਕਰੋੜ ਹੋਈ ਹੈ ਜੋ ਕਿ ਇਕ ਸਾਲ ਵਿੱਚ ਹੋਇਆ 16 ਫੀਸਦ ਵਾਧਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿੱਤੀ ਸਾਲ 2018-19 ਵਿੱਚ ਕੋਟਾ ਅਤੇ ਕੀਮਤਾਂ ਘਟਣ ਦੇ ਨਾਲ-ਨਾਲ ਵੈਟ ਵਧਣ ਜੋ ਜੀ.ਐਸ ਟੀ ਵਿੱਚ ਕੁਝ ਤਬਦੀਲੀਆਂ ਨਾਲ 14 ਫੀਸਦੀ ਤੱਕ ਵਧ ਗਿਆ, ਦੇ ਕਰਕੇ ਆਬਕਾਰੀ ਵਿਭਾਗ ਦੀ ਆਮਦਨ ਵਿੱਚ ਮਾਮੂਲੀ ਗਿਰਾਵਟ ਆਈ। ਇਹ ਘਾਟਾ ਮਾਮੂਲੀ ਸੀ ਅਤੇ 5073.79 ਕਰੋੜ ਰੁਪਏ ਦੀ ਅਸਲ ਵਸੂਲੀ ਹੋਈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਿੱਥੋਂ ਤੱਕ ਵਿੱਤੀ ਵਰੇ 2019-20 ਦਾ ਸਬੰਧ ਹੈ, ਆਬਕਾਰੀ ਵਿਭਾਗ ਨੂੰ ਹੋਈ ਆਮਦਨ ਦਾ ਅੰਕੜਾ ਇਸ ਵੇਲੇ 5015 ਕਰੋੜ ਰੁਪਏ ਹੈ। ਹਾਲਾਂਕਿ, ਵਿੱਤੀ ਸਾਲ 2019-20 ਦੀ ਆਬਕਾਰੀ ਨੀਤੀ ਮੁਤਾਬਕ ਅਰਜ਼ੀਆਂ ਦੀ 50 ਕਰੋੜ ਰੁਪਏ ਦੀ ਰਾਸ਼ੀ ਆਬਕਾਰੀ ਤੇ ਕਰ ਸੇਵਾਵਾਂ ਏਜੰਸੀ (ਈ.ਟੀ.ਟੀ.ਐਸ.ਏ.) ਨੂੰ ਤਬਦੀਲ ਕਰ ਦਿੱਤੀ ਗਈ। ਇਸ ਤੋਂ ਇਲਾਵਾ 125 ਕਰੋੜ ਰੁਪਏ ਦੇ ਵੈਟ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਕੁੱਲ ਪ੍ਰਾਪਤੀਆਂ 5222 ਕਰੋੜ ਰੁਪਏ ਹੋਣਗੀਆਂ।
ਇਨਾਂ ਵਿੱਚ ਗਰੁੱਪ ਨੂੰ ਨਵਿਆਉਣ ਲਈ 278 ਕਰੋੜ ਰੁਪਏ, ਨਵੇਂ ਅਲਾਟ ਕੀਤੇ ਗਰੁੱਪਾਂ ਤੋਂ ਲਗਪਗ 68 ਕਰੋੜ ਰੁਪਏ ਅਤੇ ਹੋਰ ਵਸੂਲੀਆਂ ਦੇ 120 ਕਰੋੜ ਰੁਪਏ ਕਰਫਿਊ/ਲੌਕਡਾਊਨ ਦੀਆਂ ਬੰਦਿਸ਼ਾਂ ਕਾਰਨ ਜਮਾਂ ਨਹੀਂ ਕਰਵਾਏ ਜਾ ਸਕੇ। ਵਿਭਾਗ ਨੇ ਦੱਸਿਆ ਕਿ ਇਸ ਕਰਕੇ ਸੂਬੇ ਦੇ ਖਜ਼ਾਨੇ ਵਿੱਚ ਮਾਰਚ, 2020 ਵਿੱਚ 466 ਕਰੋੜ ਰੁਪਏ ਹਾਸਲ ਨਹੀਂ ਹੋਏ ਜਦਕਿ 5 ਕਰੋੜ ਰੁਪਏ ਟੈਕਸਾਂ ਅਤੇ ਈ.ਟੀ.ਟੀ.ਐਸ.ਏ. ਵਿੱਚ ਚਲੇ ਗਏ। 589 ਗਰੁੱਪਾਂ ਵੱਲੋਂ ਅੱਜ ਤੱਕ ਖੋਲੇ ਗਏ 4404 ਠੇਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 54 ਗਰੁੱਪਾਂ ਨੇ ਅੰਮਿ੍ਰਤਸਰ-1, ਅੰਮਿ੍ਰਤਸਰ-2, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵਿੱਚ 669 ਠੇਕੇ ਖੋਲੇ ਹਨ।
ਇਸੇ ਤਰ੍ਹਾਂ ਹੁਸ਼ਿਆਰਪੁਰ, ਜਲੰਧਰ-1, ਜਲੰਧਰ-2, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲਿਆਂ ਵਿੱਚ 138 ਗਰੁੱਪਾਂ ਨੇ 977 ਠੇਕੇ ਖੋਲੇ ਹਨ। ਲੁਧਿਆਣਾ-1, ਲੁਧਿਆਣਾ-2, ਲੁਧਿਆਣਾ-3 ਅਤੇ ਫਤਹਿਗੜ੍ਹ ਸਾਹਿਬ ਵਿੱਚ 147 ਗਰੁੱਪਾਂ ਵੱਲੋਂ ਚਲਾਏ ਜਾ ਰਹੇ 742 ਠੇਕਿਆਂ ਨੂੰ ਖੋਲ੍ਹਿਆ ਗਿਆ ਹੈ ਜਦਕਿ ਪਟਿਆਲਾ, ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆ ਵਿੱਚ 117 ਗਰੁੱਪਾਂ ਨੇ 718 ਠੇਕੇ ਖੋਲੇ ਹਨ। ਬੁਲਾਰੇ ਨੇ ਦੱਸਿਆ ਕਿ ਰੂਪਨਗਰ ਤੇ ਐਸ.ਏ.ਐਸ. ਨਗਰ (ਮੋਹਾਲੀ) ਜ਼ਿਲਿਆਂ ਵਿੱਚ 55 ਗਰੁੱਪਾਂ ਵੱਲੋਂ 340 ਠੇਕੇ ਖੋਲੇ ਗਏ ਹਨ। ਇਨਾਂ ਤੋਂ ਇਲਾਵਾ ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਅਤੇ ਮੁਕਤਸਰ ਜ਼ਿਲਿਆਂ ਵਿੱਚ 26 ਗਰੁੱਪਾਂ ਵੱਲੋਂ 485 ਠੇਕੇ ਖੋਲੇ ਗਏ ਹਨ। ਇਸੇ ਤਰਾਂ ਫਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲਿਆਂ ਵਿੱਚ 52 ਗਰੁੱਪਾਂ ਵੱਲੋਂ 473 ਠੇਕੇ ਖੋਲ੍ਹੇ ਗਏ ਹਨ।