ਚੰਡੀਗੜ੍ਹ, 18 ਫਰਵਰੀ | ਅੱਜ ਚੰਡੀਗੜ੍ਹ ਵਿਚ ਕੇਂਦਰ ਤੇ ਕਿਸਾਨ ਸੰਗਠਨਾਂ ਵਿਚ ਚੌਥੇ ਦੌਰ ਦੀ ਮੀਟਿੰਗ ਹੋਣ ਵਾਲੀ ਹੈ। ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦੀ ਤਿਆਰੀ ਵਿਚ ਹਨ ਜਦੋਂਕਿ ਸਰਕਾਰ ਗੱਲਬਾਤ ਜ਼ਰੀਏ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਤਿੰਨ ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਪਰ ਕਿਸਾਨ ਅੰਦੋਲਨ ਨੂੰ ਰੋਕਣ ਲਈ ਕੋਈ ਵਿਚ ਦਾ ਰਸਤਾ ਨਹੀਂ ਨਿਕਲ ਸਕਿਆ। ਦੋਵੇਂ ਪੱਖਾਂ ਵਿਚ ਫਸਲਾਂ ਦੀ MSP ਗਾਰੰਟੀ ਕਾਨੂੰਨ ਦੇ ਮਸਲੇ ‘ਤੇ ਪੇਚ ਫਸਿਆ ਹੋਇਆ ਹੈ। ਕਿਸਾਨ ਸੰਗਠਨ ਇਸ ਗਾਰੰਟੀ ਨਾਲ ਕੋਈ ਸਮਝੌਤਾ ਕਰਨ ਦੇ ਪੱਖ ਵਿਚ ਨਹੀਂ ਹਨ ਜਦੋਂ ਕਿ ਸਰਕਾਰ ਇਸ ਗਾਰੰਟੀ ਦੀਆਂ ਵਿਵਹਾਰਕ ਪ੍ਰੇਸ਼ਾਨੀਆਂ ਦਾ ਹਵਾਲਾ ਦੇ ਰਹੀ ਹੈ।
ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਤੇ ਮੰਤਰੀ ਨਿਤਿਆਨੰਦ ਰਾਏ ਅੱਜ ਇਕ ਵਾਰ ਫਿਰ ਕਿਸਾਨਾਂ ਨਾਲ ਬੈਠਕ ਕਰਨਗੇ। ਇਹ ਬੈਠਕ ਚੰਡੀਗੜ੍ਹ ਵਿਚ ਸ਼ਾਮ 6 ਵਜੇ ਹੋਵੇਗੀ। ਮੀਟਿੰਗ ਵਿਚ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਗ ਪੰਧੇਰ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਕਈ ਹੋਰ ਕਿਸਾਨ ਨੇਤਾ ਮੌਜੂਦ ਰਹਿਣਗੇ।
ਦੱਸ ਦਈਏ ਕਿ ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਕਿਸਾਨ ਭਾਰੀ ਗਿਣਤੀ ਵਿਚ ਇਕੱਠੇ ਹੋਏ ਹਨ ਜੋ ਕਿਸੇ ਵੀ ਸਮੇਂ ਹਰਿਆਣਾ ਤੇ ਦਿੱਲੀ ਵਿਚ ਦਾਖਲ ਹੋ ਸਕਦੇ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਵੀ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਸਰਕਾਰ ਇਸ ਮੁੱਦੇ ਨੂੰ ਗੱਲਬਾਤ ਜ਼ਰੀਏ ਸੁਲਝਾ ਲੈਣ ਦੀਆਂ ਦਲੀਲਾਂ ਦੇ ਰਹੀ ਹੈ।