ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਂ ਦਰਜ ਕਰਵਾਉਣ ਵਾਲੇ ਪਹਿਲੇ ਭਾਰਤੀ Eye surgeon ਨੇ ਦਿੱਤੀ ਜਾਨ, 14 ਲੋਕਾਂ ‘ਤੇ ਪਰਚਾ

0
591

ਹਿਸਾਰ| ਪ੍ਰਸਿੱਧ ਨੇਤਰ ਰੋਗਾਂ ਦੇ ਮਾਹਿਰ ਡਾਕਟਰ ਅਸ਼ੋਕ ਗਰਗ (61) ਨੇ ਅਮਰਦੀਪ ਕਲੋਨੀ ਸਥਿਤ ਆਪਣੇ ਘਰ ਵਿੱਚ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੇ ਸੀ। ਪੁਲਿਸ ਨੂੰ ਉਨ੍ਹਾਂ ਕੋਲੋਂ ਦੋ ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿਚ ਡਾ. ਗਰਗ ਨੇ 14 ਵਿਅਕਤੀਆਂ ‘ਤੇ ਪੈਸਿਆਂ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕਰਨ ਅਤੇ ਉਧਾਰ ਲਏ ਪੈਸੇ ਵਾਪਸ ਕਰਨ ‘ਤੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ।

ਆਜ਼ਾਦ ਨਗਰ ਥਾਣਾ ਪੁਲਸ ਨੇ ਦੱਸਿਆ ਕਿ ਉਸ ਨੇ ਸੋਮਵਾਰ ਸ਼ਾਮ ਘਰ ‘ਚ ਜ਼ਹਿਰ ਖਾ ਲਿਆ ਸੀ। ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਇਸ ਦੌਰਾਨ ਡਾਕਟਰ ਗਰਗ ਦੇ ਪਰਿਵਾਰਕ ਮੈਂਬਰ ਅਤੇ ਮੈਡੀਕਲ ਜਗਤ ਨਾਲ ਜੁੜੇ ਲੋਕ ਹਾਜ਼ਰ ਸਨ। ਡਾਕਟਰੀ ਜਗਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਡਾਕਟਰ ਗਰਗ ਦਾ ਚਲੇ ਜਾਣਾ ਮੈਡੀਕਲ ਜਗਤ ਨਾਲ ਜੁੜੇ ਲੋਕਾਂ ਲਈ ਵੱਡਾ ਘਾਟਾ ਹੈ।

ਡਾਕਟਰ ਗਰਗ ਨੇ ਆਪਣੇ ਸੁਸਾਈਡ ਨੋਟ ‘ਚ 14 ਲੋਕਾਂ ‘ਤੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੇ ਨਾਂ ਨੰਬਰਾਂ ਨਾਲ ਲਿਖੇ ਹੋਏ ਹਨ। ਲਿਖਿਆ ਹੈ ਕਿ ਇਨ੍ਹਾਂ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਇਨ੍ਹਾਂ ਲੋਕਾਂ ਤੋਂ ਕੁਝ ਪੈਸੇ ਉਧਾਰ ਲਏ ਸਨ। ਪਰ ਉਸ ਨੇ ਇਹ ਰਕਮ ਵਿਆਜ ਸਮੇਤ ਮੋੜ ਦਿੱਤੀ ਸੀ। ਫਿਰ ਵੀ ਇਹ ਲੋਕ ਉਸ ਨੂੰ ਰੋਜ਼ਾਨਾ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਅਤੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਉਹ ਉਸਦੀ ਪਤਨੀ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਹ ਅਤੇ ਉਸਦਾ ਪੂਰਾ ਪਰਿਵਾਰ ਇਨ੍ਹਾਂ ਲੋਕਾਂ ਤੋਂ ਡਰਿਆ ਹੋਇਆ ਹੈ।

ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਸੀ ਨਾਂ

ਅੱਖਾਂ ਦੇ ਸਰਜਨ ਡਾ: ਅਸ਼ੋਕ ਗਰਗ ਸਭ ਤੋਂ ਵੱਧ ਕਿਤਾਬਾਂ ਲਿਖਣ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਨਾਂ ਦਰਜ ਕਰਵਾਊਣ ਵਾਲੇ ਪਹਿਲੇ ਭਾਰਤੀ ਅੱਖਾਂ ਦੇ ਰੋਗਾਂ ਦੇ ਮਾਹਿਰ ਸਨ। ਉਨ੍ਹਾਂ 2006 ਵਿੱਚ ਵਿਸ਼ਵਵਿਆਪੀ ਡਿਸਟਰੀਬਿਊਸ਼ਨ ਦੇ ਨਾਲ ਨੇਤਰ ਵਿਗਿਆਨ ‘ਤੇ 12 ਕਿਤਾਬਾਂ ਲਿਖੀਆਂ ਸਨ ਅਤੇ ਗਿਨੀਜ਼ ਬੁੱਕ ਅਤੇ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਪਹਿਲੇ ਨੇਤਰ ਵਿਗਿਆਨੀ ਵਜੋਂ ਰਿਕਾਰਡ ਦਰਜ ਕੀਤਾ ਸੀ। ਗਿਨੀਜ਼ ਰਿਕਾਰਡਜ਼ ਦੀ ਪ੍ਰਬੰਧਕੀ ਟੀਮ ਨੇ ਇਸ ਸਬੰਧੀ ਉਨ੍ਹਾਂ ਨੂੰ ਪੱਤਰ ਜਾਰੀ ਕੀਤਾ ਸੀ।

ਡਾ: ਗਰਗ ਨੇ ਅੱਖਾਂ ਦੇ ਵੱਖ-ਵੱਖ ਰੋਗਾਂ ਬਾਰੇ ਕੁੱਲ 31 ਪੁਸਤਕਾਂ ਲਿਖੀਆਂ ਹਨ, ਜੋ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਪੜ੍ਹੀਆਂ ਜਾਂਦੀਆਂ ਹਨ। ਉਹ ਕਈ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੈਂਬਰ ਵੀ ਰਹਿ ਚੁੱਕੇ ਹਨ। 1991-1993 ਵਿੱਚ ਰਾਸ਼ਟਰਪਤੀ ਦੇ ਆਨਰੇਰੀ ਆਈ ਸਰਜਨ ਸਨ। ਉਸਨੂੰ ਵਿਗਿਆਨਕ ਸੈਸ਼ਨਾਂ ਵਿੱਚ ਸਹਿ-ਚੇਅਰ ਅਤੇ ਮੁੱਖ ਬੁਲਾਰੇ ਵਜੋਂ ਨੇਤਰ ਵਿਗਿਆਨ ਕਾਨਫਰੰਸਾਂ ਵਿੱਚ ਵੀ ਸੱਦਾ ਦਿੱਤਾ ਗਿਆ ਸੀ।