ਫਾਜ਼ਿਲਕਾ | ਲਾਪਤਾ ਹੋਏ ਵਿਅਕਤੀ ਦੀ ਲਾਸ਼ ਹਨੂੰਮਾਨਗੜ੍ਹ ਰੋਡ ‘ਤੇ ਸਥਿਤ ਮਲੂਕਪੁਰਾ ਮਾਈਨਰ ਤੋਂ ਬਰਾਮਦ ਹੋਈ ਹੈ। ਪਤਾ ਲੱਗਾ ਹੈ ਕਿ ਨੌਜਵਾਨ ਨੇ ਨਹਿਰ ‘ਚ ਛਾਲ ਮਾਰ ਕੇ ਜਾਨ ਦਿੱਤੀ ਹੈ। ਪਿੰਡ ਬਹਾਵਲਬਾਸੀ ਨਜ਼ਦੀਕ ਮਿਜੀ ਸਿੰਘ ਕੀ ਢਾਣੀ ਦਾ ਰਹਿਣ ਵਾਲਾ ਮਹਾਵੀਰ 30 ਸਾਲ ਟਰੈਕਟਰ ਚਲਾਉਂਦਾ ਸੀ। ਘਰ ਦਾ ਸਾਰਾ ਖਰਚਾ ਉਸ ਦੇ ਸਿਰ ‘ਤੇ ਚੱਲਦਾ ਸੀ। ਉਸ ਦੇ 2 ਬੱਚੇ ਹਨ। ਵੀਰਵਾਰ ਨੂੰ ਹਨੂੰਮਾਨਗੜ੍ਹ ਰੋਡ ਤੋਂ ਲੰਘਦੇ ਮਲੂਕਪੁਰਾ ਮਾਈਨਰ ਦੀ ਸਾਈਡ ਤੋਂ ਉਸ ਦਾ ਮੋਟਰਸਾਈਕਲ ਬਰਾਮਦ ਹੋਇਆ। ਰਿਸ਼ਤੇਦਾਰ ਉਸ ਦੀ ਭਾਲ ਕਰ ਰਹੇ ਸਨ।
ਮਹਾਵੀਰ ਦੀ ਭਾਲ ਲਈ ਰਿਸ਼ਤੇਦਾਰਾਂ ਵੱਲੋਂ ਸਾਧੂਵਾਲੀ ਤੋਂ ਗੋਤਾਖੋਰ ਵੀ ਬੁਲਾਏ ਗਏ ਜੋ ਕਿ ਨਹਿਰ ‘ਚੋਂ ਲਗਾਤਾਰ ਭਾਲ ਕਰ ਰਹੇ ਸਨ। ਅੱਜ ਸਵੇਰੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਮ੍ਰਿਤਕ ਦੇ ਵੱਡੇ ਭਰਾ ਵਿੱਕੀ ਨੇ ਦੱਸਿਆ ਕਿ ਉਸ ਦਾ ਭਰਾ ਟਰੈਕਟਰ ਚਲਾ ਕੇ ਪਰਿਵਾਰ ਪਾਲਦਾ ਸੀ। ਉਹ ਕਰੀਬ 2 ਸਾਲਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਿਸ ਵੱਲੋਂ ਵਿੱਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।