ਸੰਗਰੂਰ | ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ ਦੇ ਕਿਸਾਨ ਦੀ ਬੇਟੀ ਸਹਿਨਤਜੋਤ ਨੇ ਕਮਾਲ ਕਰ ਦਿੱਤਾ ਹੈ। ਸਹਿਨਤਜੋਤ ਨੇ ਨੀਟ ਪ੍ਰੀਖਿਆ ‘ਚ ਪੂਰੇ ਦੇਸ਼ ਚੋਂ 3529ਵਾਂ ਰੈਂਕ ਹਾਸਲ ਕੀਤਾ ਹੈ। ਪਿੰਡ ਹਰੀਗੜ ਵਿਚ ਖੁਸ਼ੀ ਦਾ ਮਾਹੌਲ ਹੈ।
ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪੁੱਤਰੀ ਨੇ 720 ਅੰਕਾਂ ਵਿੱਚੋਂ 638 ਅੰਕ ਪ੍ਰਾਪਤ ਕੀਤੇ ਹਨ ਜਿਸ ਕਾਰਨ ਉਸ ਦਾ ਪੂਰੇ ਦੇਸ਼ ਦੀ ਰੈਂਕਿੰਗ ਵਿੱਚ 3529ਵਾਂ ਰੈਂਕ ਆਇਆ ਹੈ। ਉਨ੍ਹਾਂ ਦੱਸਿਆ ਕਿ ਮੇਰੀ ਬੇਟੀ ਨੇ 18 ਘੰਟੇ ਰੋਜਾਨਾ ਪੜ੍ਹਾਈ ਕਰਦੀ ਸੀ। ਇਸ ਲਈ ਉਹਦੀ ਮਿਹਨਤ ਨੂੰ ਫਲ ਲੱਗਾ ਹੈ।
ਉਨ੍ਹਾਂ ਦੇ ਪਰਿਵਾਰ ਨੂੰ ਆਪਣੀ ਪੁੱਤਰੀ ਉਤੇ ਪੂਰਾ ਮਾਣ ਹੈ ਜਿਸ ਨੇ ਉਨ੍ਹਾਂ ਦਾ ਹੀ ਨਹੀਂ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਹਿਨਤਜੋਤ ਕੌਰ ਦਾ ਪੂਰਾ ਪਰਿਵਾਰ ਖੁਸ਼ੀ ਵਿੱਚ ਖੀਵਾ ਸੀ ਅਤੇ ਘਰ ਅੰਦਰ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ।
ਸਹਿਨਤਜੋਤ ਕੌਰ ਨੇ ਦੱਸਿਆ ਕਿ ਉਹ ਬੇਸ਼ੱਕ ਮਾਤਾ ਪਿਤਾ ਦੀ ਇਕਲੌਤੀ ਔਲਾਦ ਹੈ ਪਰ ਉਸ ਨੂੰ ਇਹ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਲੜਕੀ ਹੈ ਅਤੇ ਕਦੇ ਵੀ ਉਸ ਦੇ ਮਾਤਾ ਪਿਤਾ ਨੇ ਲੜਕੀ ਅਤੇ ਲੜਕੇ ਵਾਲਾ ਭੇਦਭਾਵ ਨਹੀਂ ਕੀਤਾ। ਉਨ੍ਹਾਂ ਦੇ ਮਾਤਾ ਪਿਤਾ ਦੀ ਪ੍ਰੇਰਣਾ ਸਦਕਾ ਹੀ ਉਹ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਸਕੇਗੀ। ਉਸ ਦੀ ਜਿੰਦਗੀ ਦਾ ਉਦੇਸ਼ ਹੈ ਕਿ ਉਹ ਐਮਡੀ ਕਰਕੇ ਗਰੀਬ ਲੋਕਾਂ ਦੀ ਸੇਵਾ ਕਰੇ।