ਖਨੌਰੀ ਬਾਰਡਰ ’ਤੇ ਜਾਨ ਗਵਾਉਣ ਵਾਲੇ ਕਿਸਾਨ ’ਤੇ ਸੀ 18 ਲੱਖ ਦਾ ਕਰਜ਼ਾ; 2 ਦਿਨ ਤੋਂ ਮੋਰਚੇ ’ਤੇ ਡਟਿਆ ਸੀ ਨੌਜਵਾਨ

0
3193

ਸ਼ੰਭੂ ਬਾਰਡਰ| ਕਿਸਾਨਾਂ ਦੇ ਧਰਨੇ ਦੇ 9ਵੇਂ ਦਿਨ ਪੰਜਾਬ-ਹਰਿਆਣਾ ਦੀ ਹੱਦ ਖਨੌਰੀ ਵਿਖੇ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੁਭਕਰਨ ਸਿੰਘ ਵਜੋਂ ਹੋਈ ਹੈ। 21 ਸਾਲਾ ਸ਼ੁਭਕਰਨ ਬਠਿੰਡਾ ਦੇ ਰਾਮਪੁਰਾ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਸ਼ੁਭਕਰਨ ਬੁੱਧਵਾਰ ਸਵੇਰ ਤੋਂ ਹੀ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਖਨੌਰੀ ਸਰਹੱਦ ‘ਤੇ ਮੌਜੂਦ ਸਨ। ਜਦੋਂ ਕਿਸਾਨਾਂ ਨੇ ਇਥੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ। ਹਫੜਾ-ਦਫੜੀ ਦੇ ਮਾਹੌਲ ‘ਚ ਸ਼ੁਭਕਰਨ ਦੇ ਸਿਰ ਦੇ ਪਿਛਲੇ ਹਿੱਸੇ ‘ਤੇ ਅਚਾਨਕ ਕੋਈ ਚੀਜ਼ ਵੱਜਣ ਨਾਲ ਉਹ ਸੜਕ ‘ਤੇ ਡਿੱਗ ਗਿਆ।

ਸਾਥੀ ਕਿਸਾਨਾਂ ਨੇ ਉਸ ਨੂੰ ਚੁੱਕ ਕੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਖਨੌਰੀ ਸਿਵਲ ਹਸਪਤਾਲ ਪਹੁੰਚਾਇਆ। ਉਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਸ਼ੁਭਕਰਨ ਨੂੰ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿਤਾ। ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ.ਰੇਖੀ ਅਨੁਸਾਰ, ਜਦੋਂ ਤਕ ਸ਼ੁਭਕਰਨ ਨੂੰ ਖਨੌਰੀ ਸਰਹੱਦ ਤੋਂ ਰਜਿੰਦਰਾ ਹਸਪਤਾਲ ਲਿਆਂਦਾ ਗਿਆ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਡਾ. ਰੇਖੀ ਨੇ ਦੱਸਿਆ ਕਿ ਸ਼ੁਭਕਰਨ ਦੀ ਮੌਤ ਦਾ ਕਾਰਨ ਸਿਰ ‘ਤੇ ਗੰਭੀਰ ਸੱਟ ਜਾਪਦੀ ਹੈ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦੱਸਿਆ ਜਾ ਸਕੇਗਾ। ਸ਼ੰਭੂ ਸਰਹੱਦ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲਿਸ ਵਲੋਂ ਚਲਾਈਆਂ ਗੋਲੀਆਂ ਕਾਰਨ ਹੋਈ ਹੈ।

ਕੌਣ ਸੀ ਸ਼ੁਭਕਰਨ ਸਿੰਘ

ਸ਼ੁਭਕਰਨ ਸਿੰਘ ਬਠਿੰਡਾ ਦੇ ਪਿੰਡ ਬੱਲੋ ਦੇ ਰਹਿਣ ਵਾਲੇ ਚਰਨਜੀਤ ਸਿੰਘ ਦਾ ਲੜਕਾ ਸੀ। ਉਹ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮਾਤਾ ਦਾ ਦਿਹਾਂਤ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਦਾਦੀ ਸੁਖਜੀਤ ਕੌਰ ਨੇ ਤਿੰਨਾਂ ਭੈਣਾਂ-ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ।

ਸ਼ੁਭਕਰਨ ਦੀ ਵੱਡੀ ਭੈਣ ਗੁਰਪ੍ਰੀਤ ਕੌਰ ਵਿਆਹੀ ਹੋਈ ਹੈ ਜਦਕਿ ਛੋਟੀ ਭੈਣ ਜਸਪ੍ਰੀਤ ਕੌਰ ਇਸੇ ਪਿੰਡ ਦੇ ਸਰਕਾਰੀ ਸਕੂਲ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਸ਼ੁਭਕਰਨ ਅਜੇ ਕੁਆਰਾ ਸੀ। ਸ਼ੁਭਕਰਨ ਦੇ ਚਚੇਰੇ ਭਰਾ ਨਿਰਭੈ ਸਿੰਘ ਅਨੁਸਾਰ ਉਸ ਦੇ ਚਾਚਾ ਚਰਨਜੀਤ ਸਿੰਘ ਬੱਲੋ ਪਿੰਡ ਵਿਚ ਡੇਢ ਕਿੱਲੇ ਜ਼ਮੀਨ ਦੇ ਮਾਲਕ ਹਨ। ਉਹ ਇਸ ਜ਼ਮੀਨ ‘ਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਸ਼ੁਭਕਰਨ ਆਪਣੇ ਪਿਤਾ ਦੀ ਖੇਤੀ ਵਿਚ ਮਦਦ ਕਰਦਾ ਸੀ ਅਤੇ ਉਸ ਦਾ ਪਰਿਵਾਰ ਕੱਚੇ ਘਰ ਵਿਚ ਰਹਿੰਦਾ ਹੈ।

ਸ਼ੁਭਕਰਨ ਦੇ ਗੁਆਂਢੀ ਗੁਰਵਿੰਦਰ ਸਿੰਘ ਅਤੇ ਪਿੰਡ ਦੇ ਨੰਬਰਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਦੇ ਪਰਿਵਾਰ ਸਿਰ 18 ਲੱਖ ਰੁਪਏ ਦਾ ਕਰਜ਼ਾ ਹੈ। ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਇਲਾਵਾ ਕਰਜ਼ਾ ਮੁਆਫ਼ੀ ਦੀ ਮੰਗ ਕਰ ਰਹੇ ਹਨ। ਸ਼ੁਭਕਰਨ ਵੀ ਚਾਹੁੰਦਾ ਸੀ ਕਿ ਉਸ ਦੇ ਪਰਿਵਾਰ ਦਾ ਕਰਜ਼ਾ ਮੁਆਫ ਕੀਤਾ ਜਾਵੇ। ਇਸੇ ਕਾਰਨ ਉਹ ਦੋ ਦਿਨ ਪਹਿਲਾਂ ਹੀ ਪਿੰਡ ਦੇ 5-6 ਲੋਕਾਂ ਨਾਲ ਅੰਦੋਲਨ ਦੇ ਸਮਰਥਨ ਵਿਚ ਖਨੌਰੀ ਹੱਦ ‘ਤੇ ਪਹੁੰਚਿਆ ਸੀ ਅਤੇ ਉਦੋਂ ਤੋਂ ਉਥੇ ਹੀ ਸੀ।

ਖਨੌਰੀ ਹੱਦ ‘ਤੇ ਅੰਦੋਲਨਕਾਰੀਆਂ ਦੀ ਅਗਵਾਈ ਕਰ ਰਹੇ ਕਾਕਾ ਸਿੰਘ ਕੋਟੜਾ ਅਨੁਸਾਰ ਬੁਧਵਾਰ ਦੁਪਹਿਰ ਕਰੀਬ 12 ਵਜੇ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਸਾਹਮਣੇ ਤੋਂ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਗੋਲੀਬਾਰੀ ਦੌਰਾਨ ਸ਼ੁਭਕਰਨ ਸਿੰਘ ਦੇ ਸਿਰ ਦੇ ਪਿਛਲੇ ਹਿੱਸੇ ਉਤੇ ਸੱਟ ਲੱਗ ਗਈ ਅਤੇ ਉਹ ਹੇਠਾਂ ਡਿੱਗ ਗਿਆ। ਸ਼ੁਭਕਰਨ ਦੇ ਚਚੇਰੇ ਭਰਾ ਨਿਰਭੈ ਸਿੰਘ ਅਤੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼ੁਭਕਰਨ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਵੇ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਦਾ ਜੋ ਵੀ ਕਰਜ਼ਾ ਹੈ, ਉਹ ਮੁਆਫ਼ ਕੀਤਾ ਜਾਵੇ। ਕਿਸਾਨ ਆਗੂਆਂ ਨੇ ਸ਼ੁਭਕਰਨ ਦੀ ਇਕ ਭੈਣ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ।