ਮੂਸੇਵਾਲਾ ਦੇ ਕਾਤਲ ਦੀਪਕ ਟੀਨੂੰ ਦੇ ਪਰਿਵਾਰ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ

0
639

ਭਿਵਾਨੀ : ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲੇ ਗੈਂਗਸਟਰ ਦੀਪਕ ਉਰਫ ਟੀਨੂੰ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਗੈਂਗਸਟਰ ਲਾਰੈਂਸ ਦੇ ਸਾਥੀ ਟੀਨੂੰ ਨੂੰ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਤੋਂ ਬਾਅਦ ਮੁੜ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਟੀਨੂੰ ਦੇ ਨਾਂ ’ਤੇ ਉਨ੍ਹਾਂ ’ਤੇ ਲਗਾਤਾਰ ਤਸ਼ੱਦਦ ਕਰ ਰਹੀ ਹੈ। ਜੇਕਰ ਪੁਲਿਸ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਪੂਰਾ ਪਰਿਵਾਰ ਖੁਦਕੁਸ਼ੀ ਕਰ ਲਵੇਗਾ। 

ਹਾਲਾਂਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਟੀਨੂੰ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਜਮੇਰ ਤੋਂ ਫੜ ਲਿਆ। ਉਸ ਕੋਲੋਂ 5 ਹੈਂਡ ਗ੍ਰਨੇਡ ਅਤੇ 2 ਸੈਮੀ ਆਟੋਮੈਟਿਕ ਪਿਸਤੌਲ ਵੀ ਬਰਾਮਦ ਹੋਏ ਹਨ।

ਦੀਪਕ ਉਰਫ ਟੀਨੂੰ ਹਰਿਆਣਾ ਦੇ ਭਿਵਾਨੀ ਸ਼ਹਿਰ ਦੇ ਬਾਵੜੀ ਗੇਟ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਅਨਿਲ ਪਰਿਵਾਰ ਨਾਲ ਉੱਥੇ ਰਹਿੰਦੇ ਹਨ। ਟੀਨੂੰ ਖਿਲਾਫ ਹਰਿਆਣਾ, ਪੰਜਾਬ, ਰਾਜਸਥਾਨ ਵਿਚ ਕਤਲ, ਡਕੈਤੀ, ਕਤਲ ਦੀ ਕੋਸ਼ਿਸ਼ ਆਦਿ ਵਰਗੇ 32 ਗੰਭੀਰ ਮਾਮਲੇ ਦਰਜ ਹਨ। ਹੁਣ ਇਸ ਦਾ ਖਮਿਆਜ਼ਾ ਟੀਨੂੰ ਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ। ਉਸ ਦੇ ਪਿਤਾ ਅਨਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ ਹਨ।

ਉਨ੍ਹਾਂ ਦੱਸਿਆ ਕਿ ਜਦੋਂ ਦੀਪਕ ਉਰਫ ਟੀਨੂੰ ਦਾ ਨਾਂ ਕਿਸੇ ਵੀ ਅਪਰਾਧ ‘ਚ ਆਉਂਦਾ ਹੈ ਤਾਂ ਭਿਵਾਨੀ ਪੁਲਿਸ ਪੂਰੇ ਪਰਿਵਾਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ। ਪੁੱਛ-ਪੜਤਾਲ ਦੇ ਨਾਂ ‘ਤੇ ਉਨ੍ਹਾਂ ‘ਤੇ ਵਾਰ-ਵਾਰ ਬੇਲੋੜਾ ਤਸ਼ੱਦਦ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਜਾਂ ਤਾਂ ਪੂਰਾ ਪਰਿਵਾਰ ਸ਼ਹਿਰ ਛੱਡਣ ਲਈ ਮਜ਼ਬੂਰ ਹੋ ਜਾਵੇਗਾ ਜਾਂ ਫਿਰ ਪੁਲਿਸ ਦੀਆਂ ਧੱਕੇਸ਼ਾਹੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਵੇਗਾ।

ਗੈਂਗਸਟਰ ਟੀਨੂੰ ਦੇ ਪਿਤਾ ਅਨਿਲ ਨੇ ਦੱਸਿਆ ਕਿ ਉਸ ਨੇ 7-8 ਸਾਲ ਪਹਿਲਾਂ ਟੀਨੂੰ ਨੂੰ ਘਰੋਂ ਕੱਢ ਦਿੱਤਾ ਸੀ। 4-5 ਸਾਲ ਤੱਕ ਉਸ ਨੇ ਟੀਨੂੰ ਨਾਲ ਗੱਲ ਵੀ ਨਹੀਂ ਕੀਤੀ। ਜਦੋਂ ਵੀ ਟੀਨੂੰ ਕੋਈ ਘਪਲਾ ਕਰਦਾ ਹੈ ਤਾਂ ਭਿਵਾਨੀ ਪੁਲਿਸ ਪੁੱਛ-ਗਿੱਛ ਦੇ ਨਾਂ ‘ਤੇ ਉਸ ਦੇ ਪੂਰੇ ਪਰਿਵਾਰ ਨੂੰ ਤਸੀਹੇ ਦਿੰਦੀ ਹੈ। ਜਦੋਂ ਟੀਨੂੰ 3-4 ਸਾਲ ਪਹਿਲਾਂ ਅੰਬਾਲਾ ਪੁਲਸ ਦੀ ਹਿਰਾਸਤ ‘ਚੋਂ ਫਰਾਰ ਹੋਇਆ ਸੀ ਤਾਂ ਭਿਵਾਨੀ ਪੁਲਿਸ ਨੇ ਉਸ ਦੇ ਪੂਰੇ ਪਰਿਵਾਰ ਨੂੰ 23 ਦਿਨਾਂ ਤੱਕ ਵੱਖ-ਵੱਖ ਪੁਲਿਸ ਚੌਕੀਆਂ ‘ਚ ਲਿਜਾ ਕੇ ਦਿਨ-ਰਾਤ ਤਸ਼ੱਦਦ ਕੀਤਾ। ਹੁਣ ਇੱਕ ਵਾਰ ਫਿਰ ਟੀਨੂੰ ਦੇ ਪੰਜਾਬ ਪੁਲਿਸ ਤੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਉਸ ਦੇ ਘਰ ਦੇ ਚੱਕਰ ਲਗਾ ਰਹੀ ਹੈ। ਜਿਸ ਕਾਰਨ ਉਹ ਸ਼ਹਿਰ ਛੱਡਣ ਲਈ ਮਜਬੂਰ ਹਨ।