ਬਠਿੰਡਾ, 5 ਅਕਤੂਬਰ | ਜ਼ਿਲੇ ਦੇ ਪਿੰਡ ਸੰਦੋਹਾ ਦਾ ਇੱਕ ਪਰਿਵਾਰ ਉਸ ਸਮੇਂ ਨਸ਼ੇ ਦਾ ਸ਼ਿਕਾਰ ਹੋ ਗਿਆ ਜਦੋਂ ਇੱਕ ਪਿਤਾ ਨੇ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਮੌੜ ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਦੀ ਮਾਤਾ ਮੂਰਤੀ ਕੌਰ ਪਤਨੀ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਛੋਟਾ ਲੜਕਾ ਗੁਰਸੇਵਕ ਸਿੰਘ (25) ਅਜੇ ਅਣਵਿਆਹਿਆ ਤੇ ਨਸ਼ੇ ਦਾ ਆਦੀ ਸੀ।
ਮੂਰਤੀ ਕੌਰ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਜਦੋਂ ਮੇਰਾ ਲੜਕਾ ਘਰ ਆਇਆ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਘਰ ਆ ਕੇ ਉਸ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੇ ਪਤੀ ਨੇ ਉਸ ਨੂੰ ਕੁੱਟਣ ਤੋਂ ਰੋਕਿਆ ਤਾਂ ਬੇਟੇ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ।
ਫਿਰ ਮੇਰੇ ਪਤੀ ਨੇ ਵਿਹੜੇ ‘ਚ ਪਈ ਲੋਹੇ ਦੀ ਰਾਡ ਚੁੱਕ ਕੇ ਉਸ ਦੇ ਸਿਰ ‘ਤੇ ਮਾਰੀ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)