ਬੱਸ ਥੱਲੇ ਆਇਆ ਕੁੱਤਾ, ਗੁੱਸੇ ‘ਚ ਆਏ ਮਾਲਿਕ ਨੇ ਬੱਚਿਆਂ ਨਾਲ ਭਰੀ ਸਕੂਲ ਵੈਨ ‘ਤੇ ਕੀਤਾ ਦਾਤਰ ਨਾਲ ਹਮਲਾ

0
2478

ਗੁਰਦਾਸਪੁਰ | ਪਿੰਡ ਹਰਚੋਵਾਲ ਵਿਚ ਇਕ ਸਕੂਲ ਬੱਸ ਥੱਲੇ ਅਚਾਨਕ ਪਾਲਤੂ ਕੁੱਤਾ ਆਉਣ ਕਾਰਨ ਮੌਤ ਹੋ ਗਈ, ਇਸ ‘ਤੇ ਗੁੱਸੇ ਵਿਚ ਆਏ ਕੁੱਤੇ ਦੇ ਮਾਲਕ ਨੇ ਆਪਣੇ ਸਾਥੀਆਂ ਸਮੇਤ ਬੱਚਿਆਂ ਨਾਲ ਭਰੀ ਸਕੂਲੀ ਬੱਸ ਨੂੰ ਘੇਰ ਲਿਆ ਤੇ ਰੋਕ ਕੇ ਬੱਸ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਬੱਸ ‘ਚ ਬੈਠੇ ਮਾਸੂਮ ਬੱਚੇ ਸਹਿਮ ਗਏ। ਸ਼ਖ਼ਸ ਵਾਰ-ਵਾਰ ਕਹਿੰਦਾ ਰਿਹਾ ਕਿ ਮੇਰਾ 50 ਹਜ਼ਾਰ ਦਾ ਕੁੱਤਾ ਮਰ ਗਿਆ‌। ਬੱਸ ਦੇ ਡਰਾਈਵਰ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।

ਮਾਮਲਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਹਰਚੋਵਾਲ ਦਾ ਹੈ। ਡਰਾਈਵਰ ਅਨੁਸਾਰ ਉਹ ਪਿੰਡ ਦੀ ਤੰਗ ਸੜਕ ’ਤੇ ਹੌਲੀ-ਹੌਲੀ ਗੱਡੀ ਚਲਾ ਰਿਹਾ ਸੀ। ਇਸ ਦੌਰਾਨ 2 ਕੁੱਤੇ ਲੜਦੇ ਹੋਏ ਬੱਸ ਦੇ ਅੱਗੇ ਆ ਗਏ। ਉਸ ਨੇ ਬ੍ਰੇਕ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਵਿਚ ਇਕ ਕੁੱਤਾ ਬੱਸ ਦੇ ਹੇਠਾਂ ਆ ਕੇ ਮਰ ਗਿਆ। ਕੁਝ ਮਿੰਟਾਂ ਵਿਚ ਹੀ ਕੁਝ ਨੌਜਵਾਨ ਤਲਵਾਰਾਂ ਲੈ ਕੇ ਆਏ ਅਤੇ ਬੱਸ ‘ਤੇ ਤਲਵਾਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਨਜ਼ਾਰਾ ਦੇਖ ਕੇ ਬੱਚੇ ਉੱਚੀ-ਉੱਚੀ ਰੌਣ ਲੱਗੇ।

ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਬੱਚਿਆਂ ਦੇ ਚੀਕਣ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਪਹੁੰਚ ਗਏ। ਬੱਸ ਡਰਾਈਵਰ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਗੁੱਸੇ ਵਿਚ ਹਮਲਾਵਰ ਕਹਿ ਰਹੇ ਸਨ ਕਿ ਉਨ੍ਹਾਂ ਦਾ 50 ਹਜ਼ਾਰ ਰੁਪਏ ਦਾ ਕੁੱਤਾ ਮਰ ਗਿਆ ਹੈ। ਬੱਚਿਆਂ ਨੂੰ ਕੁਝ ਹੋ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ। ਫਿਲਹਾਲ ਮਾਮਲਾ ਪੁਲਸ ਦੇ ਧਿਆਨ ‘ਚ ਆ ਗਿਆ ਹੈ ਅਤੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵੇਖੋ ਵੀਡੀਓ