ਜਲੰਧਰ | ਮਾਡਲ ਟਾਊਨ ਨਾਲ ਲੱਗਦੇ ਮਿਲਕਬਾਰ ਚੌਕ ਸਥਿਤ ਗਾਰਡੀਅਨ ਹਸਪਤਾਲ ‘ਚ ਸੋਮਵਾਰ ਦੇਰ ਸ਼ਾਮ 16 ਸਾਲ ਦੇ ਲੜਕੇ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ।
ਮੁਕੇਰੀਆਂ ਦੇ ਰਹਿਣ ਵਾਲੇ 16 ਸਾਲਾ ਲੜਕੇ ਦੀ ਹੋਈ ਮੌਤ ਦੇ ਮਾਮਲੇ ‘ਚ ਉਸ ਵੇਲੇ ਵੱਡਾ ਖੁਲਾਸਾ ਹੋਇਆ, ਜਦੋਂ ਪੁਲਿਸ ਵੱਲੋਂ ਬੱਚੇ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਜਾਂਚ ਕਰਵਾਈ ਗਈ ਤਾਂ ਉਸ ਦੇ ਸ਼ਰਾਬ ਪੀਤੇ ਹੋਣ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਥਾਣਾ ਨੰਬਰ 6 ਦੀ ਪੁਲਿਸ ਨੇ ਡਾਕਟਰ ਖਿਲਾਫ ਮਾਮਲਾ ਦਰਜ ਕਰ ਲਿਆ।
ਮ੍ਰਿਤਕ ਵੰਸ਼ ਨਾਂ ਦੇ ਲੜਕੇ ਦੇ ਚਾਚਾ ਵਿਨੋਦ ਨੇ ਦੱਸਿਆ ਕਿ ਵੰਸ਼ ਦਾ ਸੋਮਵਾਰ ਸ਼ਾਮ ਮੁਕੇਰੀਆਂ ‘ਚ ਸਕੂਲ ਬੱਸ ਨਾਲ ਐਕਸੀਡੈਂਟ ਹੋ ਗਿਆ ਸੀ, ਜਿਸ ਨੂੰ ਫਸਟਏਡ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਜਲੰਧਰ ਲਿਜਾਣ ਨੂੰ ਕਹਿ ਦਿੱਤਾ ਸੀ।
ਵੰਸ਼ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਜਲੰਧਰ ਦੇ ਗਾਰਡੀਅਨ ਹਸਪਤਾਲ ਪਹੁੰਚਿਆ, ਜਿਥੇ ਅੱਧਾ ਘੰਟਾ ਬੱਚੇ ਨੂੰ ਐਂਬੂਲੈਂਸ ‘ਚ ਹੀ ਰੱਖਿਆ ਗਿਆ। ਸ਼ਾਮ ਸਾਢੇ 6 ਵਜੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਹਸਪਤਾਲ ਦਾ ਸਟਾਫ਼ 7.30 ਵਜੇ ਉਸ ਨੂੰ ਆਈਸੀਯੂ ‘ਚ ਲੈ ਗਿਆ। ਰਾਤ ਸਾਢੇ 8 ਵਜੇ ਦੇ ਕਰੀਬ ਡਾਕਟਰਾਂ ਨੇ ਵੰਸ਼ ਦੇ ਘਰ ਵਾਲਿਆਂ ਨੂੰ ਅੰਦਰ ਬੁਲਾਇਆ ਤੇ ਦੱਸਿਆ ਕਿ ਬੱਚੇ ਦੀ ਮੌਤ ਹੋ ਗਈ ਹੈ।
ਇੰਨਾ ਸੁਣਦਿਆਂ ਹੀ ਪਰਿਵਾਰ ਵਾਲੇ ਭੜਕ ਉਠੇ ਤੇ ਉਨ੍ਹਾਂ ਨੇ ਇਲਾਜ ਕਰਨ ਵਾਲੇ ਡਾ. ਜਤਿੰਦਰ ਨੂੰ ਕੁੱਟ ਦਿੱਤਾ। ਉਨ੍ਹਾਂ ਆਰੋਪ ਲਾਇਆ ਕਿ ਡਾਕਟਰ ਨਸ਼ੇ ‘ਚ ਸੀ। ਪੀੜਤ ਪਰਿਵਾਰ ਨੇ ਡਾ. ਜਤਿੰਦਰ ਤੇ ਸਟਾਫ ਮੈਂਬਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਘਟਨਾ ਤੋਂ ਬਾਅਦ ਥਾਣਾ-6 ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਮੌਕੇ ‘ਤੇ ਪਹੁੰਚੇ ਤੇ ਪਰਿਵਾਰ ਵਾਲਿਆਂ ਨੂੰ ਹਸਪਤਾਲ ‘ਚੋਂ ਬਾਹਰ ਕੱਢਿਆ। ਜਦੋਂ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਥਾਣਾ ਮੁਖੀ ਹਸਪਤਾਲ ਵਾਲਿਆਂ ਦੀ ਸਾਈਡ ਲੈ ਰਿਹਾ ਹੈ ਤਾਂ ਉਨ੍ਹਾਂ ਥਾਣਾ ਮੁਖੀ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਹਸਪਤਾਲ ਦੇ ਬਾਹਰ ਜਾਮ ਲਗਾ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਅਕਾਲੀ ਆਗੂ ਚੰਦਨ ਗਰੇਵਾਲ ਤੇ ਭਾਜਪਾ ਨੇਤਾ ਅਸ਼ੋਕ ਸਰੀਨ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ।
ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਏਸੀਪੀ ਮਾਡਲ ਟਾਊਨ ਨੇ ਤੁਰੰਤ ਪੁਲਿਸ ਪਾਰਟੀ ਨੂੰ ਡਾ. ਜਤਿੰਦਰ ਦਾ ਮੈਡੀਕਲ ਕਰਵਾਉਣ ਲਈ ਭੇਜਿਆ, ਜਿਥੇ ਡਾਕਟਰਾਂ ਨੇ ਉਸ ਦੇ ਸ਼ਰਾਬ ਪੀਣ ਦੀ ਪੁਸ਼ਟੀ ਕੀਤੀ। ਬਾਅਦ ‘ਚ ਡਾ. ਜਤਿੰਦਰ ਖਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ।
ਆਰੋਪੀ ਡਾਕਟਰ ਗ੍ਰਿਫ਼ਤਾਰ
ਮਾਡਲ ਟਾਊਨ ਦੇ ਗਾਰਡੀਅਨ ਹਸਪਤਾਲ ‘ਚ ਸੋਮਵਾਰ ਰਾਤ ਲੜਕੇ ਦੀ ਹੋਈ ਮੌਤ ‘ਤੇ ਹੰਗਾਮੇ ਤੋਂ ਬਾਅਦ ਪੁਲਿਸ ਨੇ ਜਿਸ ਡਾਕਟਰ ਨੂੰ ਹਿਰਾਸਤ ‘ਚ ਲਿਆ ਸੀ, ਮੈਡੀਕਲ ਦੌਰਾਨ ਉਸ ਦੇ ਸ਼ਰਾਬ ਪੀਣ ਦੀ ਪੁਸ਼ਟੀ ਹੋਈ ਸੀ।
ਪੁਲਿਸ ਨੇ ਡਾ. ਜਤਿੰਦਰ ਸਿੰਘ ਖਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ-6 ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਆਰੋਪੀ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।