ਡਿਪਟੀ ਕਮਿਸ਼ਨਰ ਨੇ ਇਕ ਸਾਲਾ ਕੰਪਿਊਟਰ ਕੋਰਸ ਕਰਨ ਵਾਲੇ 18 ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ

0
325

ਜਲੰਧਰ, 4 ਜਨਵਰੀ | ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਵੀਰਵਾਰ ਨੂੰ ਇਕ ਸਾਲਾ ਕੰਪਿਊਟਰ ਕੋਰਸ ਮੁਕੰਮਲ ਕਰਨ ਵਾਲੇ 18 ਵਿਦਿਆਰਥੀਆਂ ਨੂੰ ਸਰਟੀਫਿਕੇਟ ਸੌਂਪੇ।

ਇਹ ਕੋਰਸ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਬਾਲ ਭਲਾਈ ਕੌਂਸਲ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਕਲਾਸਾਂ ਰੈੱਡ ਕਰਾਸ ਭਵਨ, ਲਾਜਪਤ ਨਗਰ ਵਿਖੇ ਸਥਿਤ ਰਾਜੀਵ ਗਾਂਧੀ ਕੰਪਿਊਟਰ ਇੰਸਟੀਚਿਊਟ ਵਿੱਚ ਚੱਲ ਰਹੀਆਂ ਹਨ।

ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਸਾਰੰਗਲ ਨੇ ਕਿਹਾ ਕਿ ਇਹ ਇਕ ਸਾਲਾ ਕੰਪਿਊਟਰ ਕੋਰਸ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਅਤੇ ਲਾਹੇਵੰਦ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ।

ਹੋਰਨਾਂ ਨੂੰ ਵੀ ਇੱਥੇ ਕਰਵਾਏ ਜਾ ਰਹੇ ਕੋਰਸ ਦਾ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਖ਼ਲਾਈ ਦੇਣ ਲਈ ਕੇਂਦਰ ਵਿੱਚ ਸਮਰਪਿਤ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਹਰੇਕ ਵਿਦਿਆਰਥੀ ਤੋਂ 400 ਰੁਪਏ ਮਹੀਨਾ ਫੀਸ ਲਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਕੋਰਸ ਤਹਿਤ ਵਿਦਿਆਰਥੀਆਂ ਨੂੰ ਕੰਪਿਊਟਰ ਫੰਡਾਮੈਂਟਲ ਅਤੇ ਓਪਰੇਟਿੰਗ ਸਿਸਟਮ, ਸਾਫਟਵੇਅਰ ਐਪਲੀਕੇਸ਼ਨਜ਼ ਟੂਲਜ਼, ਆਰਡੀਬੀਐਮਐਸ/ਡੀਬੀਐਮਐਸ, ਸੀ++(c++), ਕੰਪਿਊਟਰ ਅਕਾਊਂਟ, ਐਚਟੀਐਮਐਲ ਅਤੇ ਹਾਰਡਵੇਅਰ ਵਰਗੇ ਵਿਸ਼ੇ ਪੜ੍ਹਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਪਿਊਟਰ ਕੋਰਸ ਕਰਨ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ ਅਤੇ ਕੋਈ ਵੀ ਵਿਅਕਤੀ, ਜੋ ਕੋਰਸ ਕਰਨਾ ਚਾਹੁੰਦਾ ਹੈ, ਰੈੱਡ ਕਰਾਸ ਭਵਨ ਵਿਖੇ ਸੰਪਰਕ ਕਰ ਸਕਦਾ ਹੈ।