ਮੱਧ ਪ੍ਰਦੇਸ਼ | ਉਜੈਨ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਅੰਨਪੂਰਨਾ ਨਗਰ ‘ਚ ਰਹਿਣ ਵਾਲੇ ਸੋਹਣ ਸਿੰਘ ਨੇ ਗੁੱਸੇ ‘ਚ ਆ ਕੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। 50 ਸਾਲ ਦਾ ਸੋਹਣ ਸਿੰਘ ਉਰਫ਼ ਪੱਪੂ ਬੁੰਦੇਲਾ ਨਾਨਖੇੜਾ ਇਲਾਕੇ ਵਿਚ ਹੋਟਲ ਵਿਚ ਕੰਮ ਕਰਦਾ ਹੈ। ਐਤਵਾਰ ਰਾਤ ਕਰੀਬ 12 ਵਜੇ ਕੰਮ ਤੋਂ ਪਰਤਿਆ। ਜਦੋਂ ਪਤਨੀ ਬਬਲੀ ਬੁੰਦੇਲਾ ਨੇ ਉਸ ਦੇ ਸਾਹਮਣੇ ਖਾਣਾ ਰੱਖਿਆ ਤਾਂ ਖਾਣੇ ‘ਚ ਦਾਲ ਦੇਖ ਕੇ ਉਹ ਗੁੱਸੇ ਵਿਚ ਭੜਕ ਗਿਆ ਤੇ ਆਪਣੀ ਪਤਨੀ ਨਾਲ ਲੜਨ ਲੱਗ ਪਿਆ।
ਪਤੀ ਨੂੰ ਲੜਦਾ ਦੇਖ ਪਤਨੀ ਘਰੋਂ ਚਲੀ ਗਈ। ਇੰਨੇ ਵਿਚ ਸੋਹਣ ਸਿੰਘ ਨੇ ਗੁੱਸੇ ਵਿਚ ਪੂਰੇ ਘਰ ਨੂੰ ਅੱਗ ਲਾ ਦਿੱਤੀ। ਉਹ ਘਰ ਨੂੰ ਅੱਗ ਲਗਾ ਕੇ ਫਰਾਰ ਹੋ ਗਿਆ। ਘਟਨਾ ਦੀ ਸ਼ਿਕਾਇਤ ਪਤਨੀ ਵੱਲੋਂ ਥਾਣਾ ਨਾਨਖੇੜਾ ਵਿਚ ਦਰਜ ਕਰਵਾਈ ਗਈ ਹੈ। ਪੁਲਿਸ ਨੇ ਪਤਨੀ ਦੀ ਸ਼ਿਕਾਇਤ ‘ਤੇ ਆਰੋਪੀ ਖਿਲਾਫ ਕੁੱਟਮਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਸਮੇਤ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।
ਅੱਗ ਲੱਗਣ ਕਾਰਨ ਘਰ ਵਿਚ ਰੱਖੀ ਕਰੀਬ ਸਾਢੇ ਤਿੰਨ ਲੱਖ ਦੀ ਨਕਦੀ, ਤਿੰਨ ਲੱਖ ਤੋਂ ਵੱਧ ਦੇ ਗਹਿਣੇ ਅਤੇ ਪੁੱਤਰ ਦਾ ਕਰੀਬ ਡੇਢ ਲੱਖ ਰੁਪਏ ਦਾ ਪਲਸਰ ਮੋਟਰਸਾਈਕਲ ਸੜ ਗਿਆ। ਇਸ ਨਾਲ ਵਾਸ਼ਿੰਗ ਮਸ਼ੀਨ, ਘਰ ਦੇ ਮੰਦਰ ਵਿਚ ਰੱਖੀਆਂ ਭਗਵਾਨ ਦੀਆਂ ਮੂਰਤੀਆਂ, ਅਲਮਾਰੀ ਵਿਚ ਰੱਖੇ ਸਾਰੇ ਕੱਪੜੇ, ਰਸੋਈ ਦਾ ਸਾਰਾ ਸਾਮਾਨ, ਫਰਿੱਜ ਅਤੇ ਟੀਵੀ ਵੀ ਸੜ ਗਏ।
ਆਰੋਪੀ ਪਤੀ ਫਰਾਰ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਘਟਨਾ ਵਿਚ 10 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਦੀ ਪੂਰੇ ਜ਼ਿਲੇ ਵਿਚ ਚਰਚਾ ਹੈ। ਪੁਲਿਸ ਹੁਣ ਆਰੋਪੀ ਪਤੀ ਦੀ ਭਾਲ ਕਰ ਰਹੀ ਹੈ। ਪਤਨੀ ਕਹਿੰਦੀ ਹੈ ਕਿ ਹੁਣ ਘਰ ਵਿਚ ਕੁਝ ਨਹੀਂ ਬਚਿਆ। ਮਹਿਲਾ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਵੀ ਉਸ ਦੇ ਪਤੀ ਨੇ ਘਰ ਦੀ ਖਿੜਕੀ ਤੋੜ ਦਿੱਤੀ ਸੀ।