ਅਨੰਦਪੁਰ ਸਾਹਿਬ। ਸ੍ਰੀ ਆਨੰਦਪੁਰ ਸਾਹਿਬ ਸਥਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਰੋਪੜ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤਰਫ਼ੋਂ ਕੇਸ ਲੜ ਰਹੇ ਵਕੀਲ ਜਤਿੰਦਰਪਾਲ ਸਿੰਘ ਢੇਰ ਨੇ ਦੱਸਿਆ ਕਿ ਮਾਣਯੋਗ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਸਖਤ ਫੈਸਲਾ ਸੁਣਾਉਂਦੇ ਹੋਏ ਲੁਧਿਆਣਾ ਦੇ ਮੁਹੱਲਾ ਮੁਹਰਾਜ ਨਗਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੂੰ ਪੰਜ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ। 2021 ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ।
ਅਦਾਲਤ ਨੇ ਦੋਸ਼ੀ ਨੂੰ ਧਾਰਾ 295ਏ ਤਹਿਤ ਤਿੰਨ ਸਾਲ ਦੀ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ, ਜਦਕਿ ਉਸ ਨੂੰ ਆਈਪੀਸੀ ਦੀ ਧਾਰਾ 436 ਅਤੇ 511 ਤਹਿਤ ਬਰੀ ਕਰ ਦਿੱਤਾ ਗਿਆ। ਦੀ ਧਾਰਾ 435 ਤਹਿਤ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 6 ਮਹੀਨੇ ਦੀ ਹੋਰ ਕੈਦ ਕੱਟਣੀ ਪਵੇਗੀ।
ਧਾਰਾ 435 ਜੋੜਕੇ ਕੋਰਟ ਨੇ ਸੁਣਾਇਆ ਫੈਸਲਾ
ਪੁਲਿਸ ਨੇ ਪਹਿਲਾਂ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਸੀ। ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਧਾਰਾ 435 ਜੋੜ ਕੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਦੇਖ-ਰੇਖ ਹੇਠ ਕਾਨੂੰਨੀ ਟੀਮ ਨੇ ਇਸ ਮਾਮਲੇ ਦੀ ਲਗਾਤਾਰ ਪੈਰਵੀ ਕਰਦਿਆਂ ਕਾਨੂੰਨੀ ਲੜਾਈ ਲੜੀ।
ਇਹ ਹੈ ਪੂਰਾ ਮਾਮਲਾ
ਦੋਸ਼ੀ ਪਰਮਜੀਤ ਸਿੰਘ ਨੇ ਦਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਲਿਆਂਦਾ ਜਾ ਰਿਹਾ ਸੀ ਤਾਂ ਸਿਗਰੇਟ ਲਾ ਕੇ ਧੂੰਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਦਿੱਤਾ। ਇਸ ਤੋਂ ਬਾਅਦ ਜਗਦੀ ਹੋਈ ਸਿਗਰੇਟ ਅਤੇ ਮਾਚਿਸ ਰਾਗੀ ਸਿੰਘਾਂ ਵੱਲ ਸੁੱਟ ਕੇ ਉਨ੍ਹਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸੇਵਾਦਾਰਾਂ ਨੇ ਉਸਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਰੋਪੜ ਬਾਰ ਕੌਂਸਲ ਦੇ ਵਕੀਲਾਂ ਨੇ ਉਸਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਉਸ ਨੂੰ ਲੀਗਲ ਏਡ ਤੋਂ ਵਕੀਲ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੀ ਤਰਫੋਂ ਜਤਿੰਦਰਪਾਲ ਸਿੰਘ ਢੇਰ ਅਤੇ ਸਰਕਾਰੀ ਵਕੀਲ ਗੁਰਪ੍ਰੀਤ ਸਿੰਘ ਨੇ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਲੜੀ ਸੀ।