ਅਦਾਲਤ ਨੇ ਬਿਨਾਂ ਲਾਇਸੈਂਸ ਦੇ ਫੂਡ ਵੇਚਣ ਵਾਲੇ ਬੇਕਰੀ ਮਾਲਕ ਨੂੰ ਸੁਣਾਈ ਅਨੋਖੀ ਸਜ਼ਾ

0
182

ਚੰਡੀਗੜ੍ਹ, 5 ਨਵੰਬਰ | ਇੱਕ ਅਦਾਲਤ ਨੇ ਇੱਕ ਬੇਕਰੀ ਮਾਲਕ ਨੂੰ ਫੂਡ ਲਾਇਸੈਂਸ ਤੋਂ ਬਿਨਾਂ ਕੇਕ ਅਤੇ ਪੇਸਟਰੀਆਂ ਵੇਚਣ ਦਾ ਦੋਸ਼ੀ ਠਹਿਰਾਇਆ ਹੈ। ਇਸ ਤੋਂ ਬਾਅਦ ਅਦਾਲਤ ਨੇ ਮਾਲਕ ਅਨਵਰ ਆਲਮ ਨੂੰ ਸਾਰਾ ਦਿਨ ਅਦਾਲਤ ਵਿਚ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਉਸ ‘ਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਚੰਡੀਗੜ੍ਹ ਅਦਾਲਤ ਨੇ ਅਗਸਤ 2023 ਵਿਚ ਇੱਕ ਹੋਰ ਬੇਕਰੀ ਮਾਲਕ ਨੂੰ ਵੀ ਅਜਿਹੀ ਹੀ ਸਜ਼ਾ ਸੁਣਾਈ ਸੀ।

ਮਾਮਲੇ ਅਨੁਸਾਰ ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰ ਨੇ ਕਰੀਬ ਚਾਰ ਸਾਲ ਪਹਿਲਾਂ 12 ਅਕਤੂਬਰ 2021 ਨੂੰ ਮੱਖਣ ਮਾਜਰਾ ਸਥਿਤ ਅਨਵਰ ਬੇਕਰੀ ਦਾ ਨਿਰੀਖਣ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਬਿਨਾਂ ਲੋੜੀਂਦੇ ਫੂਡ ਲਾਇਸੈਂਸ ਤੋਂ ਬੇਕਰੀ ਵਿਚ ਕੇਕ ਅਤੇ ਪੇਸਟਰੀ ਵੇਚ ਰਿਹਾ ਸੀ। ਅਨਵਰ ਆਲਮ ਕੋਲ ਨਾ ਤਾਂ ਫੂਡ ਦਾ ਲਾਇਸੈਂਸ ਸੀ ਅਤੇ ਨਾ ਹੀ ਕੋਈ ਹੋਰ ਕਾਨੂੰਨੀ ਲੋੜਾਂ ਦੀ ਪਾਲਣਾ ਕੀਤੀ ਜਾ ਰਹੀ ਸੀ।

ਅਜਿਹੇ ‘ਚ ਵਿਭਾਗ ਨੇ ਅਨਵਰ ਆਲਮ ਖਿਲਾਫ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਚੰਡੀਗੜ੍ਹ ਜ਼ਿਲਾ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਇਸ ਨੂੰ ਖਪਤਕਾਰਾਂ ਦੀ ਸਿਹਤ ਸੁਰੱਖਿਆ ਲਈ ਗੰਭੀਰ ਖ਼ਤਰਾ ਮੰਨਿਆ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਗੱਲ ਕਹੀ। ਅਦਾਲਤ ਨੇ ਕਿਹਾ ਕਿ ਫੂਡ ਲਾਇਸੈਂਸ ਤੋਂ ਬਿਨਾਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵੇਚਣਾ ਕਾਨੂੰਨ ਦੀ ਉਲੰਘਣਾ ਹੈ ਅਤੇ ਇਸ ਨਾਲ ਜਨਤਾ ਦੀ ਸਿਹਤ ‘ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।

ਅਜਿਹੇ ‘ਚ ਅਦਾਲਤ ਨੇ ਦੋਸ਼ੀ ਨੂੰ ਪੂਰਾ ਦਿਨ ਅਦਾਲਤ ‘ਚ ਖੜ੍ਹੇ ਰਹਿਣ ਦਾ ਹੁਕਮ ਦਿੱਤਾ ਅਤੇ ਨਾਲ ਹੀ 30 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਅਦਾਲਤ ਦੇ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਭੋਜਨ ਸੁਰੱਖਿਆ ਨਾਲ ਸਬੰਧਤ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿਚ ਅਜਿਹੇ ਮਾਮਲਿਆਂ ਨੂੰ ਰੋਕਿਆ ਜਾ ਸਕੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)