ਖੰਨਾ| ਜ਼ਿਲ੍ਹਾ ਲੁਧਿਆਣਾ ਦੇ ਖੰਨਾ ਦੇ ਮੰਡਿਆਲਾ ਕਲਾਂ ‘ਚ ਖੇਤਾਂ ‘ਚੋਂ ਮਿਲੀ 5 ਸਾਲਾ ਬੱਚੀ ਦੇ ਅੰਨ੍ਹੇ ਕਤਲ ਦੀ ਗੁੱਥੀ ਖੰਨਾ ਪੁਲਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਈ ਹੈ। ਲੜਕੀ ਦਾ ਕਤਲ ਉਸ ਦੇ ਪਿਤਾ ਨਾਲ ਰਹਿੰਦੇ ਰਸੋਈਏ ਨੇ ਕੀਤਾ ਸੀ। ਰਸੋਈਏ ਨੇ ਲੜਕੀ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਉਸ ਨੇ ਉਸ ਦਾ ਗਲਾ ਫੜ ਕੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਕਿਸੇ ਨੂੰ ਕੁਝ ਪਤਾ ਨਾ ਲੱਗੇ ਇਸ ਲਈ ਉਸ ਨੇ ਬੱਚੀ ਦੀ ਲਾਸ਼ ਨੂੰ ਮੱਕੀ ਦੇ ਖੇਤਾਂ ‘ਚ ਸੁੱਟ ਦਿੱਤਾ। ਮੁਲਜ਼ਮ ਦੀ ਪਛਾਣ ਲਾਲ ਬਾਬੂ ਉਰਫ਼ ਲਾਲੂਆ ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਐਸ.ਪੀ.ਆਈ ਪ੍ਰਗਿਆ ਜੈਨ ਨੇ ਦੱਸਿਆ ਕਿ ਲੜਕੀ ਦੇ ਪਿਤਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸਦੀ 5 ਸਾਲਾ ਬੱਚੀ 11 ਮਈ ਦੀ ਸ਼ਾਮ ਨੂੰ ਘਰ ਵਾਪਸ ਨਹੀਂ ਆਈ ਤਾਂ ਪਿੰਡ ਮੰਡਿਆਲਾ ਕਲਾਂ ਅਤੇ ਉਸਦੇ ਰਿਸ਼ਤੇਦਾਰਾਂ ਕੋਲ ਲੜਕੀ ਦੀ ਭਾਲ ਕੀਤੀ ਗਈ ਪਰ ਕੋਈ ਥਹੁ ਪਤਾ ਨਹੀਂ ਲੱਗਾ |
13 ਮਈ ਨੂੰ ਲਾਪਤਾ ਲੜਕੀ ਦੀ ਲਾਸ਼ ਪਿੰਡ ਮੰਡਿਆਲਾ ਕਲਾਂ ਦੇ ਮੱਕੀ ਦੇ ਖੇਤਾਂ ਵਿੱਚੋਂ ਮਿਲੀ ਸੀ। ਪੁਲਿਸ ਨੇ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਕੇ ਜਾਂਚ ਨੂੰ ਅੱਗੇ ਵਧਾਇਆ ਹੈ। ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ’ਤੇ ਡੀਐਸਪੀ ਕਰਨੈਲ ਸਿੰਘ, ਡੀਐਸਪੀ ਹਰਪਾਲ ਸਿੰਘ, ਡੀਐਸਪੀ ਸਮਰਾਲਾ ਹਰਸਿਮਰਤ ਸਿੰਘ, ਸੀਆਈਏ ਇੰਚਾਰਜ ਅਮਨਦੀਪ ਸਿੰਘ, ਐਸਐਚਓ ਸਦਰ ਹਰਦੀਪ ਸਿੰਘ ਦੀ ਅਗਵਾਈ ਵਿੱਚ ਟੀਮ ਗਠਿਤ ਕੀਤੀ ਗਈ, ਜਿਸ ਨੇ ਜਾਂਚ ਤੋਂ ਬਾਅਦ ਮਾਮਲੇ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਸਪੀ ਨੇ ਦੱਸਿਆ ਕਿ ਲਾਲ ਬਾਬੂ ਉਰਫ਼ ਲਾਲੂ ਪਿੰਡ ਮੰਡਿਆਲਾ ਕਲਾਂ ਵਿੱਚ ਕਰੀਬ 10 ਸਾਲਾਂ ਤੋਂ ਰਹਿੰਦਾ ਸੀ, ਜੋ ਮੋਟਰ ’ਤੇ ਰਹਿ ਰਹੇ ਪ੍ਰਵਾਸੀਆਂ ਲਈ ਖਾਣਾ ਬਣਾਉਂਦਾ ਸੀ। ਬੱਚੀ ਅਤੇ ਉਸਦਾ ਪਿਤਾ ਵੀ ਮਜ਼ਦੂਰਾਂ ਵਿੱਚ ਹੀ ਰਹਿੰਦੇ ਸਨ। 11 ਮਈ ਨੂੰ ਲਾਲ ਬਾਬੂ ਨੇ ਲੜਕੀ ਨਾਲ ਛੇੜਛਾੜ ਕੀਤੀ ਜਿਸ ‘ਤੇ ਲੜਕੀ ਨੇ ਰੌਲਾ ਪਾਇਆ। ਗੁੱਸੇ ‘ਚ ਆ ਕੇ ਲਾਲ ਬਾਬੂ ਨੇ ਲੜਕੀ ਦਾ ਗਲਾ ਫੜ ਕੇ ਉਸ ਦੀ ਹੱਤਿਆ ਕਰ ਦਿੱਤੀ।