ਮੁੱਖ ਮੰਤਰੀ ਦੀ ਭੈਣ ਦੀ ਕਾਰ ਨੂੰ ਖਿੱਚ ਕੇ ਲੈ ਗਈ ਕਰੇਨ, ਕਾਰ ਵਿਚ ਹੀ ਬੈਠੀ ਰਹੀ CM ਦੀ Sister

0
748

ਹੈਦਰਾਬਾਦ। ਅੱਜ ਹੈਦਰਾਬਾਦ ਦੀਆਂ ਸੜਕਾਂ ‘ਤੇ ਇਕ ਹੈਰਾਨ ਕਰਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਪੁਲਿਸ ਵੱਲੋਂ ਲਿਆਂਦੀ ਗਈ ਇਕ ਕਰੇਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈਡੀ ਦੀ ਭੈਣ ਵਾਈਐਸ ਸ਼ਰਮੀਲਾ ਦੀ ਕਾਰ ਨੂੰ ਖਿੱਚ ਕੇ ਲੈ ਗਈ। ਇਸ ਦੌਰਾਨ ਸ਼ਰਮੀਲਾ ਵੀ ਕਾਰ ਦੇ ਅੰਦਰ ਮੌਜੂਦ ਸੀ। ਇਸ ਤੋਂ ਪਹਿਲਾਂ ਬੀਤੇ ਦਿਨ ਪੁਲਿਸ ਨੇ ਸ਼ਰਮਿਲਾ ਨੂੰ ਹਿਰਾਸਤ ਵਿਚ ਲੈ ਲਿਆ ਸੀ।

ਦਰਅਸਲ ਵਾਈਐਸ ਸ਼ਰਮੀਲਾ ਦੀ ਵਾਈਐਸਆਰ ਤੇਲੰਗਾਨਾ ਪਾਰਟੀ ਨੇ ਕੇ. ਚੰਦਰਸ਼ੇਖਰ ਰਾਓ ਸਰਕਾਰ ਦੇ ਖ਼ਿਲਾਫ਼ ਪਦਯਾਤਰਾ ਸ਼ੁਰੂ ਕੀਤੀ ਹੈ। ਵਾਰੰਗਲ ਵਿਖੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਅਤੇ ਵਾਈਐਸਆਰ ਤੇਲੰਗਾਨਾ ਪਾਰਟੀ (ਵਾਈਐਸਆਰਟੀਪੀ) ਦੇ ਸਮਰਥਕਾਂ ਵਿਚਾਲੇ ਕੱਲ੍ਹ ਇਕ ਰੋਸ ਰੈਲੀ ਦੌਰਾਨ ਝੜਪ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਕੁਝ ਸਮੇਂ ਲਈ ਹਿਰਾਸਤ ‘ਚ ਲੈ ਲਿਆ ਗਿਆ।

ਅੱਜ ਸਵੇਰੇ ਉਹ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਸਰਕਾਰੀ ਰਿਹਾਇਸ਼ ਪ੍ਰਗਤੀ ਭਵਨ ਵਿਖੇ ਪਾਰਟੀ ਦੀ ਰੋਸ ਰੈਲੀ ਵਿਚ ਸ਼ਾਮਲ ਹੋਈ। ਜਦੋਂ ਉਹ ਆਪਣੀ ਕਾਰ ਵਿਚ ਬੈਠੀ ਤਾਂ ਪੁਲਿਸ ਇਕ ਕਰੇਨ ਲੈ ਕੇ ਆਈ, ਜਿਸ ਨੇ ਉਸ ਦੀ ਕਾਰ ਨੂੰ ਖਿੱਚ ਲਿਆ। ਅੱਜ ਸਾਹਮਣੇ ਆਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਰੇਨ ਉਸ ਦੀ ਕਾਰ ਨੂੰ ਖਿੱਚ ਰਹੀ ਹੈ ਅਤੇ ਉਹ ਕਾਰ ਦੇ ਅੰਦਰ ਹੈ। ਇਸ ਦੌਰਾਨ ਉਹਨਾਂ ਦੇ ਸਮਰਥਕ ਇਕੱਠੇ ਚੱਲ ਰਹੇ ਹਨ। ਇਸ ਦੇ ਨਾਲ ਹੀ ਕੱਲ੍ਹ ਹੋਈ ਝੜਪ ਦੌਰਾਨ ਉਸ ਦੀ ਕਾਰ ਦੇ ਸ਼ੀਸ਼ੇ ਵਿਚ ਦਰਾਰ ਵੀ ਦਿਖਾਈ ਦੇ ਰਹੀ ਹੈ।

ਕੱਲ੍ਹ ਵਾਰੰਗਲ ਦੇ ਨਰਸੰਪੇਟ ਵਿਚ ਬੋਲਦਿਆਂ ਸ਼ਰਮੀਲਾ ਨੇ ਸਥਾਨਕ ਟੀਆਰਐਸ ਵਿਧਾਇਕ ਪੇਦੀ ਸੁਦਰਸ਼ਨ ਰੈਡੀ ਦੀ ਆਲੋਚਨਾ ਕੀਤੀ। ਕਥਿਤ ਤੌਰ ‘ਤੇ ਉਹਨਾਂ ਦੀਆਂ ਟਿੱਪਣੀਆਂ ਕਾਰਨ ਕੇਸੀਆਰ ਦੀ ਅਗਵਾਈ ਵਾਲੀ ਪਾਰਟੀ ਦੇ ਵਰਕਰਾਂ ਦਾ ਗੁੱਸਾ ਵਧ ਗਿਆ ਅਤੇ ਉਹਨਾਂ ਨੇ ਕਾਰ ਉੱਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਸ਼ਰਮੀਲਾ ਦੀ ਪਦਯਾਤਰਾ ਹੁਣ ਤੱਕ ਕਰੀਬ 3500 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਹੈ। ਉਹਨਾਂ ਨੇ ਕੇ ਚੰਦਰਸ਼ੇਖਰ ਰਾਓ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ ਅਤੇ ਇਹਨਾਂ ਦੋਸ਼ਾਂ ਨੂੰ ਲੈ ਕੇ ਇਹ ਪਦਯਾਤਰਾ ਸ਼ੁਰੂ ਕੀਤੀ ਹੈ।