ਬੱਚੇ ਨੇ ਟਿਊਸ਼ਨ ਟੀਚਰ ਦੇ ਘਰ ਜਾ ਕੇ ਖੁਦ ਪੀਤਾ ਪਾਣੀ ਤਾਂ ਪੱਖੇ ਨਾਲ ਬੰਨ੍ਹ ਕੇ ਡੰਡਿਆਂ ਨਾਲ ਕੁੱਟਿਆ

0
373

ਬਠਿੰਡਾ| ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਪਿੰਡ ਮਹਾਰਾਜ ‘ਚ ਤੀਜੀ ਜਮਾਤ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ‘ਚ ਟਿਊਸ਼ਨ ਅਧਿਆਪਕਾ ਦੇ ਪਤੀ ਬਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਵਿਅਕਤੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਪਿੰਡ ਮਹਿਰਾਜ ਖੁਰਦ ਦੀ ਰਹਿਣ ਵਾਲੀ ਵੀਰਪਾਲ ਕੌਰ ਨੇ ਦੱਸਿਆ ਕਿ ਉਸ ਦਾ 9 ਸਾਲਾ ਲੜਕਾ ਏਕਮਵੀਰ ਸਿੰਘ ਲਖਵਿੰਦਰ ਕੌਰ ਕੋਲ ਟਿਊਸ਼ਨ ਪੜ੍ਹਦਾ ਹੈ, ਜੋ ਦੋਸ਼ੀ ਬਿੰਦਰ ਸਿੰਘ ਦੀ ਪਤਨੀ ਹੈ । ਬੀਤੇ ਮੰਗਲਵਾਰ ਜਦੋਂ ਲੜਕਾ ਟਿਊਸ਼ਨ ਤੋਂ ਵਾਪਸ ਆਇਆ ਤਾਂ ਉਸ ਦੀ ਗਰਦਨ ‘ਤੇ ਖੂਨ ਲੱਗਾ ਹੋਇਆ ਸੀ ਅਤੇ ਪਿੱਠ ‘ਤੇ ਡੰਡਿਆਂ ਨਾਲ ਕੁੱਟਣ ਦੇ ਨਿਸ਼ਾਨ ਸਨ। ਬੱਚਾ ਬਹੁਤ ਪਰੇਸ਼ਾਨ ਸੀ। ਇਹ ਦੇਖ ਕੇ ਬੱਚੇ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਛੱਤ ਵਾਲੇ ਪੱਖੇ ਨਾਲ ਬੰਨ੍ਹ ਕੇ ਡੰਡਿਆਂ ਨਾਲ ਕੁੱਟਿਆ ਗਿਆ ਕਿਉਂਕਿ ਬੱਚੇ ਨੇ ਟਿਊਸ਼ਨ ਟੀਚਰ ਦੇ ਘਰ ਜਾ ਕੇ ਖੁਦ ਪਾਣੀ ਪੀਤਾ ਸੀ। ਪੀੜਤ ਬੱਚੇ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।