ਮੁੱਖ ਮੰਤਰੀ ਵੱਲੋਂ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

0
543

ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਯਸ਼ਪਾਲ ਸ਼ਰਮਾ ਜੋ 66 ਵਰ੍ਹਿਆਂ ਦੇ ਸਨ, ਦਾ ਅੱਜ ਨਵੀਂ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, 2 ਬੇਟੀਆਂ ਤੇ ਇਕ ਬੇਟਾ ਛੱਡ ਗਏ ਹਨ।

ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਯਸ਼ਪਾਲ ਸ਼ਰਮਾ ਨੂੰ ਇਕ ਮਹਾਨ ਕ੍ਰਿਕਟਰ ਦੱਸਿਆ, ਜਿਹੜੇ ਉਸ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਸਨ, ਜਿਸ ਨੇ 1983 ਵਿੱਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ।

ਕੈਪਟਨ ਨੇ ਕਿਹਾ ਕਿ ਧਰਤੀ ਦੇ ਇਸ ਪੁੱਤਰ ਦੇ ਤੁਰ ਜਾਣ ਨਾਲ ਅੱਜ ਹਰ ਦੇਸ਼ ਵਾਸੀ ਖ਼ਾਸ ਕਰਕੇ ਹਰ ਪੰਜਾਬੀ ਉਸ ਮਹਾਨ ਬੱਲੇਬਾਜ਼ ਨੂੰ ਯਾਦ ਕਰ ਰਿਹਾ ਹੈ, ਜੋ ਭਾਰਤੀ ਕ੍ਰਿਕਟ ਟੀਮ ਦੇ ਕੌਮੀ ਚੋਣਕਾਰ ਵੀ ਰਹੇ ਹਨ।

ਸਾਬਕਾ ਕ੍ਰਿਕਟਰ ਦੇ ਪਰਿਵਾਰ, ਸਾਕ-ਸੰਬੰਧੀਆਂ, ਦੋਸਤਾਂ ਤੇ ਪ੍ਰਸ਼ੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਵਾਹਿਗੁਰੂ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)