ਲੁਧਿਆਣਾ ‘ਚ ਸੀਵਰੇਜ ਦੇ ਪਾਣੀ ਨੂੰ ਲੈ ਕੇ ਹੋਇਆ ਵਿਵਾਦ, ਗੁਆਂਢੀਆਂ ਨੇ ਕੁੱਟ-ਕੁੱਟ ਮਾਰਤਾ ਵਿਅਕਤੀ

0
2108

ਲੁਧਿਆਣਾ | ਮੇਹਰਬਾਨ ਦੀ ਹਰਕ੍ਰਿਸ਼ਨ ਵਿਹਾਰ ਕਾਲੋਨੀ ਇਲਾਕੇ ਵਿਚ ਸੀਵਰੇਜ ਦਾ ਪਾਣੀ ਕੱਢਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਸੁਖਵਿੰਦਰ ਸਿੰਘ (45) ਨੂੰ ਗੁਆਂਢੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋਣ ‘ਚ ਕਾਮਯਾਬ ਹੋ ਗਿਆ। ਪਰਿਵਾਰ ਵਾਲੇ ਜ਼ਖ਼ਮੀ ਸੁਖਵਿੰਦਰ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਪੁਲਿਸ ਨੇ ਮ੍ਰਿਤਕ ਸੁਖਵਿੰਦਰ ਦੀ ਸ਼ਿਕਾਇਤ ’ਤੇ ਅਮਰਜੀਤ ਕੌਰ, ਉਸ ਦੇ ਪਤੀ ਜਗਦੀਸ਼, ਪੁੱਤਰੀ ਬਿੰਦਰੀ, ਪੁੱਤਰ ਬਿੰਦਰ, ਬਿੰਦਰ ਦੀ ਪਤਨੀ ਰਾਣੀ, ਵਿੱਕੀ, ਲੱਕੀ, ਗੋਲੂ ਅਤੇ ਪ੍ਰੀਤ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ‘ਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਜਾਂਚ ਤੋਂ ਬਾਅਦ ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸੁਖਵਿੰਦਰ ਸਿੰਘ ਪੁੱਤਰੀ ਸਰਬਜੀਤ ਕੌਰ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੇ ਘਰ ਦੇ ਬਾਹਰ ਸੀਵਰੇਜ ਓਵਰਫਲੋਅ ਹੋ ਗਿਆ ਸੀ। ਜਦੋਂ ਉਸ ਦਾ ਪਿਤਾ ਸੀਵਰੇਜ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੁਲਜ਼ਮਾਂ ਦੀ ਉਸ ਨਾਲ ਬਹਿਸ ਹੋ ਗਈ। ਉਸ ਦੇ ਪਿਤਾ ਨੇ ਮੁਲਜ਼ਮਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਸੁਖਵਿੰਦਰ ਸਿੰਘ ਦੀ ਕੁੱਟਮਾਰ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਸੁਖਵਿੰਦਰ ਬੇਹੋਸ਼ ਹੋ ਗਿਆ ਅਤੇ ਦੋਸ਼ੀ ਉਥੋਂ ਫਰਾਰ ਹੋ ਗਿਆ।

ਇਸ ਤੋਂ ਬਾਅਦ ਪਰਿਵਾਰ ਵਾਲੇ ਸੁਖਵਿੰਦਰ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣਾ ਮੇਹਰਬਾਨ ਨੂੰ ਸੂਚਨਾ ਦਿੱਤੀ। ਥਾਣਾ ਮੇਹਰਬਾਨ ਦੇ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਅਮਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਉਸ ਦੇ ਪਰਿਵਾਰਕ ਮੈਂਬਰ ਅਜੇ ਫਰਾਰ ਹਨ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂਲੁ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।