ਸ੍ਰੀ ਮੁਕਤਸਰ ਸਾਹਿਬ: ਹਿਮਾਚਲ ਘੁੰਮਣ ਗਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਕ ਨੌਜਵਾਨ ਅਤੇ ਮੁਟਿਆਰ ਦੀ ਮੌਤ ਹੋ ਗਈ ਹੈ। ਦੋਵੇਂ ਘੁੰਮਣ ਲਈ ਗਏ ਸਨ ਪਰ ਚੰਬਾ ਨੇੜੇ ਉਨ੍ਹਾਂ ਦੀ ਕਾਰ ਡੂੰਘੀ ਖੱਡ ‘ਚ ਜਾ ਡਿੱਗੀ ਅਤੇ ਹਾਦਸੇ ‘ਚ ਦੋਵਾਂ ਦੀ ਜਾਨ ਚਲੀ ਗਈ।
ਪਰਿਵਾਰ ਵਾਲਿਆਂ ਨੂੰ ਸੋਮਵਾਰ ਸਵੇਰੇ ਹਾਦਸੇ ਦਾ ਪਤਾ ਲੱਗਾ। ਨੌਜਵਾਨ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਲੈਣ ਲਈ ਹਿਮਾਚਲ ਰਵਾਨਾ ਹੋ ਗਏ ਹਨ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਵਿੰਦਰ ਸਿੰਘ (27) ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਘੁੰਮਣ ਲਈ ਹਿਮਾਚਲ ਗਿਆ ਸੀ ਤਾਂ ਚੰਬਾ ਨੇੜੇ ਉਸਦੀ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਉਸਦੀ ਮੌਤ ਹੋ ਗਈ।
ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਹਿਮਾਚਲ ਭੇਜ ਦਿੱਤਾ। ਪਰਮਜੀਤ ਸਿੰਘ ਨੇ ਦਸਿਆ ਕਿ ਉਸ ਦਾ ਲੜਕਾ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਉਸ ਦੇ 2 ਭੈਣਾਂ ਅਤੇ 2 ਭਰਾਵਾਂ ਸਮੇਤ 4 ਭੈਣ-ਭਰਾ ਹਨ। ਗੁਰਵਿੰਦਰ ਸਭ ਤੋਂ ਛੋਟਾ ਸੀ, ਜੋ ਕੁਆਰਾ ਸੀ।