ਕਾਰ ਖਰੀਦਣ ਲਈ ਦਿੱਲੀ ਜਾ ਰਹੇ ਸਕੇ ਭਰਾਵਾਂ ਨੇ ਅੰਬਾਲਾ ‘ਚ ਕੀਤਾ ਨਸ਼ਾ, ਓਵਰਡੋਜ਼ ਨਾਲ ਵੱਡੇ ਭਰਾ ਦੀ ਮੌਤ

0
700

ਅੰਬਾਲਾ: ਹਰਿਆਣਾ ਦੇ ਅੰਬਾਲਾ ‘ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਕਾਰ ਖਰੀਦਣ ਦਾ ਕਹਿ ਕੇ ਆਪਣੇ ਛੋਟੇ ਭਰਾ ਨਾਲ ਦਿੱਲੀ ਲਈ ਘਰੋਂ ਰਵਾਨਾ ਹੋਇਆ ਸੀ ਪਰ ਦੋਵੇਂ ਭਰਾ ਅੰਬਾਲਾ ਛਾਉਣੀ ਵਿਖੇ ਹੀ ਰੁਕੇ ਸਨ। ਇੱਥੇ ਦੋਵਾਂ ਨੇ ਨਸ਼ਾ ਕਰ ਲਿਆ ਅਤੇ ਓਵਰਡੋਜ਼ ਕਾਰਨ ਵੱਡੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਢਿੱਲੋਂ ਵਜੋਂ ਹੋਈ ਹੈ। ਪੁਲਿਸ ਨੇ ਨੌਜਵਾਨ ਦੀ ਮਾਂ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਦੀ ਰਹਿਣ ਵਾਲੀ ਰਵਿੰਦਰ ਕੌਰ ਨੇ ਦੱਸਿਆ ਕਿ ਵੱਡਾ ਲੜਕਾ ਜਸਕਰਨ ਸਿੰਘ ਕਰੀਬ 2 ਮਹੀਨੇ ਤੋਂ ਸੋਲਨ (ਹਿਮਾਚਲ) ਦੇ ਨਸ਼ਾ ਮੁਕਤੀ ਕੇਂਦਰ ਵਿੱਚ ਕੰਮ ਕਰ ਰਿਹਾ ਸੀ। ਉਸ ਦੇ ਦੋਵੇਂ ਲੜਕੇ 16 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਇਹ ਕਹਿ ਕੇ ਘਰੋਂ ਨਿਕਲੇ ਸਨ ਕਿ ਉਹ ਕਾਰ ਲੈਣ ਲਈ ਦਿੱਲੀ ਜਾ ਰਹੇ ਹਨ। 18 ਅਪ੍ਰੈਲ ਦੀ ਰਾਤ ਨੂੰ ਉਸ ਨੂੰ ਕਮਲਜੀਤ ਨਾਂ ਦੇ ਰਾਹਗੀਰ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਤੁਹਾਡੇ ਦੋਵੇਂ ਲੜਕੇ ਸਾਡੇ ਨਾਲ ਬੱਤਰਾ ਹੋਟਲ (ਕਮਰਾ ਨੰ: 204) ਵਿਖੇ ਠਹਿਰੇ ਹੋਏ ਹਨ। ਦੋਵਾਂ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਹੈ ਅਤੇ ਦੋਵੇਂ ਇੱਕ ਦੂਜੇ ਨਾਲ ਲੜ ਰਹੇ ਹਨ।

ਔਰਤ ਨੇ ਦੱਸਿਆ ਕਿ ਉਸ ਨੇ ਦੋਵਾਂ ਪੁੱਤਰਾਂ ਨੂੰ ਛੁਡਵਾਉਣ ਲਈ ਕਿਹਾ। ਸਵੇਰੇ 2 ਵਜੇ ਉਸ ਦੇ ਲੜਕੇ ਪ੍ਰੇਮਦੀਪ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਅਸੀਂ ਠੀਕ ਹਾਂ। ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗਾ। ਜਸਕਰਨ ਸਿੰਘ ਢਿੱਲੋਂ ਨਾਲ ਸਵੇਰੇ 3 ਵਜੇ ਮੋਬਾਈਲ ‘ਤੇ ਗੱਲ ਕੀਤੀ। ਢਿੱਲੋਂ ਨੇ ਉਸ ਨੂੰ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ। ਟ੍ਰਾਂਸਫਰ ਕਰ ਦਿਓ। ਦੁਬਾਰਾ ਉਸ ਨਾਲ ਗੱਲ ਨਹੀਂ ਹੋਈ। ਸਵੇਰੇ ਸਾਢੇ ਚਾਰ ਵਜੇ ਕਮਲਜੀਤ ਨੇ ਦੁਬਾਰਾ ਫ਼ੋਨ ਕਰਕੇ ਕਿਹਾ ਕਿ ਉਹ ਤੁਹਾਡੇ ਦੋਵੇਂ ਲੜਕਿਆਂ ਨੂੰ ਅੰਬਾਲਾ ਛਾਉਣੀ ਦੇ ਬੱਸ ਸਟੈਂਡ ‘ਤੇ ਛੱਡ ਗਿਆ ਹੈ | ਪੁਲਿਸ ਨੂੰ ਸਵੇਰੇ 6 ਵਜੇ ਸੂਚਨਾ ਮਿਲੀ ਕਿ ਜਸਕਰਨ ਸਿੰਘ ਦੀ ਮੌਤ ਹੋ ਗਈ ਹੈ।