ਅੰਮ੍ਰਿਤਸਰ ‘ਚ ਹੋਟਲ ਦੇ ਕਮਰੇ ‘ਚੋਂ ਨੌਜਵਾਨ ਦੀ ਮਿਲੀ ਲਾ.ਸ਼, ਪਰਿਵਾਰ ਬੋਲਿਆ – ਸਾਡੇ ਮੁੰਡੇ ਦਾ ਕਤਲ ਹੋਇਆ

0
272

ਅੰਮ੍ਰਿਤਸਰ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਚੌਕ ਕਰੋੜੀ ਨੇੜੇ ਸਥਿਤ ਇਕ ਹੋਟਲ ਦੇ ਕਮਰੇ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦਾ ਉਦੋਂ ਪਤਾ ਲੱਗਾ ਜਦੋਂ ਹੋਟਲ ਦਾ ਸਟਾਫ ਸਵੇਰੇ ਕਮਰਾ ਖੁੱਲ੍ਹਵਾਉਣ ਲਈ ਗਿਆ। ਕਾਫ਼ੀ ਦੇਰ ਤੱਕ ਕਮਰਾ ਨਾ ਖੁੱਲ੍ਹਣ ’ਤੇ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਨੌਜਵਾਨ ਦੀ ਲਾਸ਼ ਕਮਰੇ ’ਚ ਮਿਲੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਚੌਕ ਕਰੋੜੀ ਵਾਸੀ ਮਨੀ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਸਾਡੇ ਨੌਜਵਾਨ ਦਾ ਕਤਲ ਹੋਇਆ ਹੈ। ਮ੍ਰਿਤਕ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬੇਸ਼ੱਕ ਨਸ਼ੇ ਦਾ ਆਦੀ ਸੀ ਪਰ ਉਸ ਦੀ ਮੌਤ ਨਸ਼ੇ ਕਾਰਨ ਨਹੀਂ ਹੋਈ। ਉਸ ਸਮੇਂ ਹੋਟਲ ਦੇ ਕਮਰੇ ਵਿਚ ਖ਼ੂਨ ਪਿਆ ਸੀ ਅਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਸਨ। ਜੇਕਰ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਤਾਂ ਖ਼ੂਨ ਕਿਥੋਂ ਆਇਆ।

ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤੇ ਹੋਟਲ ਦੇ ਅੰਦਰ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾਵੇ ਕਿ ਉਸ ਦੇ ਭਰਾ ਨਾਲ ਕਮਰੇ ਵਿਚ ਕੌਣ-ਕੌਣ ਸੀ। ਇਸ ਦੌਰਾਨ ਥਾਣਾ ਬੀ ਡਵੀਜ਼ਨ ਦੇ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ਪ੍ਰਬੰਧਕਾਂ ਵੱਲੋਂ ਹੀ ਸੂਚਨਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਜਦੋਂ ਉਹ ਪੁੱਜੇ ਤਾਂ ਦੇਖਿਆ ਕਿ ਹੋਟਲ ਦੇ ਕਮਰਾ ਨੰਬਰ 201 ਵਿਚ ਲਾਸ਼ ਪਈ ਸੀ। ਮ੍ਰਿਤਕ ਨੇ ਸੋਮਵਾਰ ਰਾਤ ਨੂੰ ਹੀ ਇਹ ਕਮਰਾ ਲਿਆ ਸੀ। ਸਵੇਰੇ ਜਦੋਂ ਹੋਟਲ ਦੇ ਕਰਮਚਾਰੀ ਕਮਰੇ ’ਚ ਗਏ ਤਾਂ ਦਰਵਾਜ਼ਾ ਨਾ ਖੁੱਲ੍ਹਣ ’ਤੇ ਪੁਲਿਸ ਨੂੰ ਸੂਚਨਾ ਦਿੱਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।