ਜਲੰਧਰ | ਸਰਕਾਰੀ ਸਕੂਲੀ ਸਿੱਖਿਆ ‘ਚ ਸੰਭਾਵਿਤ ਫੇਰਬਦਲ ਕਰਾਉਂਣ ਅਤੇ ਪ੍ਰਾਈਵੇਟ ਸਕੂਲ ਮਾਫੀਆ ਨੂੰ ‘ਨਕੇਲ’ ਪਾਉਂਣ ਲਈ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਨੇ ਪੜਾਅਵਾਰ ਜਨ-ਅੰਦੋਲਨ ਸ਼ੁਰੂ ਕਰਨ ਦਾ ਰਸਮੀਂ ਐਲਾਨ ਕਰ ਦਿੱਤਾ ਹੈ।
ਇਥੇਂ ਆਯੋਜਿਤ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਚੇਅਰਮੈਨ ਜਸਪਾਲ ਸਿੰਘ ਬੱਲ, ਜਨ-ਸਕੱਤਰ ਕਵਲਜੀਤ ਕੌਰ ਗਿੱਲ, ਚੇਅਰਪਰਸਨ ਮਹਿਲਾ ਵਿੰਗ ਪੰਜਾਬ ਹਰਪ੍ਰੀਤ ਕੌਰ ਹੰਬੋਵਾਲ, ਭੁਪਿੰਦਰ ਸਿੰਘ ਸੋਨੂੰ ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਆਦਿ ਨੇ ਦਾਅਵਾ ਕੀਤਾ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਵੱਲ ਬਕਾਏ ਦੇ ਤੌਰ ‘ਤੇ ਕੱਢੀਆਂ ਬੇਲੋੜੀਆਂ ਫੀਸਾਂ ਦੇ ਬੋਝ ਤੋਂ ਮਾਪਿਆਂ ਨੂੰ ਬਚਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕੋਟੇ ਦੀਆਂ ਸੀਟਾਂ ਤੇ ਮੁਫਤ ਦਾਖਲੇ ਤੇ ਸੀਟਾਂ ਨੂੰ ‘ਵੇਚਣ’ ਅਤੇ ਮੁਨਾਫਾ ਕਮਾਉਂਣ ਦੀ ਵਜ੍ਹਾ ਕਰਕੇ ਪ੍ਰਾਈਵੇਟ ਸਕੂਲ ਸ਼ੱਕ ਦੇ ਘੇਰੇ ਹੇਠ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵੱਲੋਂ ਮਾਪਿਆਂ ਨੂੰ ਸੀਟਾਂ ਵੇਚਣ ਬਦਲੇ ਵਸੂਲੀਆਂ ਫੀਸਾਂ ਵਾਪਿਸ ਕਰਵਾਈਆਂ ਜਾਣਗੀਆਂ।
ਉਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਦੀ ਵਸੂਲੀ ਨੂੰ ਲੈ ਕੇ ਕਮਜੋਰ ਵਰਗ ਬੱਚਿਆਂ ਦੇ ਸਕੂਲਾਂ ‘ਚ ਦਾਖਲੇ ਤੇ ਰੋਕ ਲਗਾਉਂਣੀ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਾਪਿਆਂ ਤੋਂ ਵੇਰਵੇ ਇਕੱਠੇ ਕਰਨ ਲਈ ‘ਸੰਸਥਾ’ ਨੇ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਇੱਕ ਸਵਾਲ ਦੇ ਜਵਾਬ ‘ਚ ਕਿਹਾ ‘ਡਿਫਾਲਟਰ’ ਸਕੂਲਾਂ ਨੂੰ ਸੂਚੀਬੱਧ ਕੀਤਾ ਜਾਵੇਗਾ, ਤਾਂਕਿ ਨਿਆਂਇਕ ‘ਜਾਂਚ’ ਕਰਵਾਈ ਜਾ ਸਕੇ।
ਅੰਤ ‘ਚ ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਨੂੰ ਨਵਿਆਉਂਣ ਮੌਕੇ ਨਿਯਮਾਂ ਦੀ ਪਾਲਣਾ ਕਰਨ ‘ਚ ਅਯੋਗ ਸਕੂਲਾਂ ਦੀ ਸ਼ਿਫਾਰਸ਼ ਕਰਨ ਵਾਲੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਦਾਖਲਾ ਨਿਗਰਾਨ ਕਮੇਟੀ ਦੀਆਂ ਟੀਮਾਂ ਖਿਲਾਫ ਵੀ ਕਨੂੰਨੀ ਚਾਰਾਜੋਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਸੰਵਿਧਾਨ ਦੀ ਧਾਰਾ 21 ਅਤੇ ਆਰਟੀਈ ਐਕਟ 2009 ਦੇ ਸੈਕਸ਼ਨ 12 (1) ਸੀ ਦੀ ਪਾਲਣਾ ਨੂੰ ਯਕੀਨੀ ਬਣਾਏਗੀ।
ਇਸ ਮੌਕੇ ਲਖਵਿੰਦਰ ਸਿੰਘ ਰੋੜਾਵਾਲਾ ਕਲਾਂ ਗੁਰਮੇਲ ਸਿੰਘ ਜੋਧਾ, ਤਰਮਿੰਦਰ ਸਿੰਘ ਚਾਚੋਵਾਲ, ਅਵਤਾਰ ਸਿੰਘ ਸੁਲਤਾਨਵਿੰਡ, ਕਰਮਜੀਤ ਕੌਰ ਹੰਬੋਵਾਲ, ਅੰਮ੍ਰਿਤਪਾਲ ਸਿੰਘ ਸਠਿਆਲਾ, ਅਵਤਾਰ ਸਿੰਘ ਘਰਿੰਡਾ ਗੁਰਪ੍ਰੀਤ ਸਿੰਘ ਸਠਿਆਲਾ, ਅਕਾਸ਼ਦੀਪ ਸਿੰਘ ਭਲੋਜਲਾ, ਸੰਦੀਪ ਸਿੰਘ, ਸਾਹਿਲ ਸਹੋਤਾ, ਹੈਰਿਸ ਸਹੋਤਾ, ਲਛਮਣ ਬਿਆਸ, ਗਗਨਦੀਪ ਸਿੰਘ, ਅਵਤਾਰ ਸਿੰਘ, ਆਦਿ ਹਾਜਰ ਸਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ