ਸ੍ਰੀ ਆਨੰਦਪੁਰ ਸਾਹਿਬ। 12 ਨੌਜਵਾਨਾਂ ਨੂੰ ਧੋਖੇ ਨਾਲ ਲੀਬੀਆ ਭੇਜਣ ਦੇ ਮਾਮਲੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕਥਿਤ ਧੋਖੇਬਾਜ਼ ਏਜੰਟ ਰਾਜਵਿੰਦਰ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਮਿਲੀ ਹੈ।
ਇਸ ਮਾਮਲੇ ਸਬੰਧੀ ਡੀਐਸਪੀ ਅਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ 12 ਨੌਜਵਾਨ ਲੀਬੀਆ ਵਿੱਚ ਫਸੇ ਹੋਏ ਹਨ। ਜਿਸਤੋਂ ਬਾਅਦ ਉਨ੍ਹਾਂ ਪੁਲਿਸ ਪਾਰਟੀ ਦਿੱਲੀ ਭੇਜੀ ਸੀ ਅਤੇ ਰਾਜਵਿੰਦਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਸਾਰੇ ਨੌਜਵਾਨਾਂ ਨੂੰ ਪੈਸਿਆਂ ਦੇ ਲਾਲਚ ਵਿੱਚ ਗਲਤ ਢੰਗ ਨਾਲ ਵਿਦੇਸ਼ ਭੇਜਣ ਦੇ ਨਾਂ ‘ਤੇ ਨਾ ਸਿਰਫ ਠਗਿਆ, ਸਗੋਂ ਉਨ੍ਹਾਂ ਨੂੰ ਲੀਬੀਆ ਵਿਖੇ ਭੇਜ ਦਿੱਤਾ, ਜਿੱਥੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਅਤੇ ਰੋਟੀ ਤੋਂ ਵੀ ਆਵਾਜ਼ਾਰ ਕਰ ਦਿੱਤਾ।
ਇਸ ‘ਤੇ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਥਾਣੇ ਵਿੱਚ ਕੁਲਜੀਤ ਸਿੰਘ ਪੁੱਤਰ ਜਸਵੀਰ ਸਿੰਘ ਨਿਵਾਸੀ ਲੰਗ ਮਜ਼ਾਰੀ ਦੀ ਸ਼ਿਕਾਇਤ ਦੇ ਅਧਾਰ ਤੇ ਰਾਜਵਿੰਦਰ ਸਿੰਘ ਨਿਵਾਸੀ ਨਵੀਂ ਦਿੱਲੀ ਖਿਲਾਫ ਧਾਰਾ 420, 370 ਅਤੇ 385 ਆਈਪੀਸੀ ਤਹਿਤ ਮਾਮਲਾ ਦਰਜ ਕਰਨ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਦਸ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਪਰ ਅਦਾਲਤ ਵੱਲੋਂ ਤਿੰਨ ਦਿਨ ਦਾ ਰਿਮਾਂਡ ਹੀ ਮਨਜ਼ੂਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਜਿਉਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਤੁਰੰਤ ਵਿਦੇਸ਼ ਮੰਤਰਾਲੇ ਰਾਹੀਂ ਲੀਬੀਆ ਵਿਖੇ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਬਣਾਇਆ ਅਤੇ ਸਾਰੇ ਨੌਜਵਾਨਾਂ ਦੀ ਹਾਲਤ ਬਾਰੇ ਜਾਣਕਾਰੀ ਲਈ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮੱਦਦ ਦੇਣ ਲਈ ਕਿਹਾ। ਜਿਸ ਉਪਰੰਤ ਭਾਰਤੀ ਦੂਤਾਵਾਸ ਨੇ ਨੌਜਵਾਨਾਂ ਦੇ ਨਾਲ ਰਾਬਤਾ ਬਣਾਇਆ ਤੇ ਖਾਣ ਪੀਣ ਦਾ ਸਾਮਾਨ ਵੀ ਮੁਹੱਈਆ ਕਰਵਾਉਣ ਉਪਰੰਤ ਉਨ੍ਹਾਂ ਨੂੰ ਭਾਰਤ ਵਾਪਸ ਲੈ ਕੇ ਆਉਣ ਲਈ ਕਾਨੂੰਨੀ ਚਾਰਾਜੋਈ ਅਰੰਭ ਕਰ ਦਿੱਤੀ ਹੈ।