ਕੈਨੇਡਾ ‘ਚ ਅੱਤਵਾਦੀ ਪੰਨੂ ਹਿੰਦੂ ਮੰਦਰਾਂ ਬਾਹਰ ਕਰਵਾਏਗਾ ਪ੍ਰਦਰਸ਼ਨ, PM ਮੋਦੀ ਦੇ ਸਮਰਥਕਾਂ ਨੂੰ ਦਿੱਤੀ ਚਿਤਾਵਨੀ

0
505

ਚੰਡੀਗੜ੍ਹ, 12 ਨਵੰਬਰ | ਖਾਲਿਸਤਾਨ ਪੱਖੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਕੈਨੇਡਾ ਵਿਚ ਹਿੰਦੂ ਮੰਦਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਿਹਾ ਹੈ। ਪ੍ਰਦਰਸ਼ਨਕਾਰੀ 16 ਅਤੇ 17 ਨਵੰਬਰ ਨੂੰ ਕੈਨੇਡਾ ਦੇ ਬਰੈਂਪਟਨ ‘ਚ ਹਿੰਦੂ ਮੰਦਰਾਂ ਦੇ ਬਾਹਰ ਭਾਰਤੀ ਡਿਪਲੋਮੈਟਾਂ ਅਤੇ ਮੋਦੀ ਸਰਕਾਰ ਦੇ ਸਮਰਥਕਾਂ ਖਿਲਾਫ ਪ੍ਰਦਰਸ਼ਨ ਕਰਨਗੇ। ਇਸ ਰੈਲੀ ਵਿਚ 16 ਨਵੰਬਰ ਨੂੰ ਮਿਸੀਸਾਗਾ ਵਿਚ ਕਾਲੀਬਾੜੀ ਮੰਦਿਰ ਅਤੇ 17 ਨਵੰਬਰ ਨੂੰ ਬਰੈਂਪਟਨ ਵਿਚ ਤ੍ਰਿਵੇਣੀ ਮੰਦਿਰ ਦੇ ਬਾਹਰ ਰੋਸ ਮੁਜ਼ਾਹਰੇ ਦੀ ਵਿਸ਼ੇਸ਼ ਯੋਜਨਾ ਬਣਾਈ ਗਈ ਹੈ।

ਇਸ ਵਿਰੋਧ ਨੂੰ ਲੈ ਕੇ ਖਾਲਿਸਤਾਨ ਸਮਰਥਕ ਗੁਰਪਤਵੰਤ ਪੰਨੂ ਨੇ ਵੀਡੀਓ ਸੰਦੇਸ਼ ਭੇਜਿਆ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਭਾਰਤੀ ਹਿੰਦੂ ਸੰਗਠਨਾਂ ਅਤੇ ਡਿਪਲੋਮੈਟ ਕੈਨੇਡਾ ਵਿਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਹਨ ਤਾਂ ਖਾਲਿਸਤਾਨ ਸਮਰਥਕ “ਅਯੁੱਧਿਆ ਦੀ ਨੀਂਹ ਹਿਲਾ ਦੇਣਗੇ”। ਜੋ 1992 ਤੋਂ “ਹਿੰਦੂਤਵ ਵਿਚਾਰਧਾਰਾ” ਦਾ ਪ੍ਰਤੀਕ ਹੈ।

ਪੰਨੂ ਨੇ ਦੋਸ਼ ਲਾਇਆ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਸਰਕਾਰ ਦੇ ਸਮਰਥਨ ਵਾਲੀਆਂ ਜਥੇਬੰਦੀਆਂ ਜਿਵੇਂ ਕਿ ਆਰਐਸਐਸ, ਬਜਰੰਗ ਦਲ ਅਤੇ ਸ਼ਿਵ ਸੈਨਾ ਨੇ ਕੈਨੇਡਾ ਦੇ ਗੁਰਦੁਆਰਿਆਂ ’ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਦਾ ਕਹਿਣਾ ਹੈ ਕਿ ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਵਿਚ ਵਿਰੋਧ ਦਾ ਸਾਹਮਣਾ ਕਰਨਾ ਜਾਰੀ ਰਹੇਗਾ, ਖਾਸ ਤੌਰ ‘ਤੇ ਜਿੱਥੇ ‘ਲਾਈਫ ਸਰਟੀਫਿਕੇਟ ਕੈਂਪ’ ਲਗਾਏ ਜਾ ਰਹੇ ਹਨ। SFJ ਨੇ ਭਾਰਤੀ ਡਿਪਲੋਮੈਟਾਂ ‘ਤੇ ਕੈਨੇਡਾ ਦੇ ਸਿੱਖ ਭਾਈਚਾਰੇ ਦੀ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ।

ਇਸ ਵਿਰੋਧ ਪ੍ਰਦਰਸ਼ਨ ਵਿਚ SFJ ਨੇ ਮੋਦੀ ਸਮਰਥਕਾਂ ਅਤੇ ਕੈਨੇਡਾ ਵਿਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਕੈਨੇਡਾ ਪ੍ਰਤੀ ਵਫ਼ਾਦਾਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਜੇਕਰ ਉਹ ਭਾਰਤੀ ਰਾਸ਼ਟਰਵਾਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਕੈਨੇਡਾ ਛੱਡ ਦੇਣਾ ਚਾਹੀਦਾ ਹੈ। SFJ ਨੇ ਹਿੰਦੂ ਸਭਾ ਮੰਦਰ ਦੇ ਸਮਰਥਕਾਂ ‘ਤੇ “ਘਰ ਵਿਚ ਘੁਸ ਕੇ ਮਰੇਂਗੇ” ਵਰਗੇ ਨਾਅਰੇ ਲਗਾਉਣ ਅਤੇ ਖਾਲਿਸਤਾਨ ਸਮਰਥਕਾਂ ਵਿਰੁੱਧ ਹਿੰਸਾ ਭੜਕਾਉਣ ਦਾ ਵੀ ਦੋਸ਼ ਲਗਾਇਆ ਹੈ।

SFJ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਭਾਰਤੀ ਝੰਡੇ ਨਾਲ ਦੇਖਿਆ ਗਿਆ ਤਾਂ ਉਨ੍ਹਾਂ ਨੂੰ “ਸਿੱਖਾਂ ਅਤੇ ਕੈਨੇਡਾ ਦੇ ਦੁਸ਼ਮਣ” ਵਜੋਂ ਦੇਖਿਆ ਜਾਵੇਗਾ। ਇਸ ਬਿਆਨ ਰਾਹੀਂ SFJ ਨੇ ਸਪੱਸ਼ਟ ਕੀਤਾ ਹੈ ਕਿ ਇਹ ਟਕਰਾਅ ਭਾਰਤ ਦੀ ਮੋਦੀ ਸਰਕਾਰ ਅਤੇ ਖਾਲਿਸਤਾਨ ਸਮਰਥਕਾਂ ਵਿਚਕਾਰ ਹੈ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਲੋਕਾਂ ਨੂੰ ਇਸ ਟਕਰਾਅ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)