ਮੱਧ ਪ੍ਰਦੇਸ਼ ‘ਚ ਭਿਆਨਕ ਰੇਲ ਹਾਦਸਾ : 2 ਮਾਲ ਗੱਡੀਆਂ ‘ਚ ਟੱਕਰ, ਲੋਕੋ ਪਾਇਲਟ ਦੀ ਮੌਤ

0
287

ਮੱਧ ਪ੍ਰਦੇਸ਼ | ਇਥੋਂ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਸ਼ਾਹਡੋਲ ਰੇਲ ਸੈਕਸ਼ਨ ਦੇ ਵਿਚਕਾਰ ਸਿੰਘਪੁਰ ਰੇਲਵੇ ਸਟੇਸ਼ਨ ਨੇੜੇ ਬੁੱਧਵਾਰ ਸਵੇਰੇ ਕਰੀਬ 7 ਵਜੇ 2 ਮਾਲ ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਟੱਕਰ ਤੋਂ ਬਾਅਦ ਮਾਲ ਗੱਡੀ ਦੇ ਇੰਜਣ ਨੂੰ ਅੱਗ ਲੱਗ ਗਈ। ਹਾਦਸੇ ‘ਚ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ, ਰਾਹਤ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।

ਫਿਲਹਾਲ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਹਾਦਸੇ ‘ਚ 5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਭੇਜਿਆ ਗਿਆ ਹੈ। ਜ਼ਖਮੀਆਂ ‘ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਹਾਦਸੇ ਕਾਰਨ ਕਈ ਟਰੇਨਾਂ ਪ੍ਰਭਾਵਿਤ ਹੋਈਆਂ। ਕੁੱਲ ਪੰਜ ਮਾਲ ਗੱਡੀਆਂ ਦੇ ਇੰਜਣ ਖਰਾਬ ਹੋ ਗਏ ਹਨ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।

ਜਾਣਕਾਰੀ ਅਨੁਸਾਰ ਸਿੰਘਪੁਰ ਰੇਲਵੇ ਸਟੇਸ਼ਨ ਦੀ ਤੀਸਰੀ ਲਾਈਨ ‘ਤੇ ਕੋਲੇ ਨਾਲ ਲੱਦੀ ਇਕ ਮਾਲ ਗੱਡੀ ਖੜ੍ਹੀ ਸੀ, ਜਦੋਂ ਬਿਲਾਸਪੁਰ ਤੋਂ ਆ ਰਹੀ ਮਾਲ ਗੱਡੀ ਨੇ ਲਾਲ ਸਿਗਨਲ ਪਾਰ ਕਰਦਿਆਂ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਟੱਕਰ ਇੰਨੀ ਤੇਜ਼ ਸੀ ਕਿ ਇਕ ਇੰਜਣ ਦੇ ਪਰਖੱਚੇ ਉੱਡ ਗਏ। ਹਾਦਸੇ ਵਿਚ ਜਾਨ ਗਵਾਉਣ ਵਾਲੇ ਲੋਕੋ ਪਾਇਲਟ ਦਾ ਨਾਮ ਰਾਜੇਸ਼ ਪ੍ਰਸਾਦ ਗੁਪਤਾ ਹੈ। ਨਗਰ ਪਾਲਿਕਾ ਦੀ ਫਾਇਰ ਬ੍ਰਿਗੇਡ ਟੀਮ ਅਤੇ ਰੇਲਵੇ ਦੀ ਬਚਾਅ ਟੀਮ ਵੱਲੋਂ ਕਰੀਬ 2 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਲੋਕੋ ਪਾਇਲਟ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ।

ਵੇਖੋ ਵੀਡੀਓ