ਮਾਲੇਰਕੋਟਲਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਗਰਭਵਤੀ ਮਹਿਲਾ ਦੀ ਦਰਦਨਾਕ ਮੌਤ

0
4434

ਮਾਲੇਰਕੋਟਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨਾਭਾ-ਪਟਿਆਲਾ ਮੁੱਖ ਮਾਰਗ ‘ਤੇ ਪੁਲ ਹੇਠਾਂ ਵਾਪਰੇ ਭਿਆਨਕ ਸੜਕ ਹਾਦਸੇ ‘ਚ ਗਰਭਵਤੀ ਔਰਤ ਸਮੇਤ ਉਸਦੇ ਪੇਟ ‘ਚ ਪਲ ਰਹੇ 8 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਲਾ ਰਹੇ ਉਕਤ ਮ੍ਰਿਤਕ ਔਰਤ ਦਾ ਪਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਮੌਕੇ ‘ਤੇ ਪੁੱਜੇ ਪਿੰਡ ਵਾਸੀਆਂ ਅਤੇ ਸਬੰਧੀਆਂ ਸਮੇਤ ਹੋਰ ਲੋਕਾਂ ਨੇ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਸਥਾਨਕ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਗਰਭਵਤੀ ਔਰਤ ਆਸਮਾਂ ਨੂੰ ਭਾਵੇਂ ਮ੍ਰਿਤਕ ਕਰਾਰ ਦੇ ਦਿੱਤਾ।

Jaggi Vasudev | Can you predict death? - Telegraph India

ਜਾਣਕਾਰੀ ਅਨੁਸਾਰ ਇਥੋਂ ਨੇੜਲੇ ਪਿੰਡ ਬਿੰਜੋਕੀ ਕਲਾਂ ਦਾ ਵਸਨੀਕ ਮੁਹੰਮਦ ਸਲਾਮਦੀਨ ਅੱਜ ਸਵੇਰੇ ਆਪਣੀ ਗਰਭਵਤੀ ਪਤਨੀ ਆਸਮਾਂ (ਕਰੀਬ 30) ਦਾ ਡਾਕਟਰੀ ਚੈੱਕਅਪ ਕਰਵਾਉਣ ਲਈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮਾਲੇਰਕੋਟਲਾ ਸ਼ਹਿਰ ਨੂੰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਨਵੀਂ ਬਣ ਰਹੀ ਜੰਮੂ-ਕਟੜਾ ਸੜਕ ਦੇ ਉਸਾਰੀ ਅਧੀਨ ਪੁਲ ਕੋਲ ਪੁੱਜੇ ਤਾਂ ਉਕਤ ਸੜਕ ਦੇ ਸਾਮਾਨ ਦੀ ਢੋਆ-ਢੁਆਈ ‘ਚ ਲੱਗੇ ਇੱਕ ਟਿੱਪਰ ਦੇ ਚਾਲਕ ਨੇ ਤੇਜ਼ੀ ਨਾਲ ਜਦੋਂ ਟਿੱਪਰ ਗੱਡੀ ਨੂੰ ਘੁੰਮਾਇਆ ਤਾਂ ਅਚਾਨਕ ਲਪੇਟ ‘ਚ ਆਏ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਘੜੀਸਦਾ ਹੋਇਆ ਟਿੱਪਰ ਉਕਤ ਮੋਟਰਸਾਈਕਲ ਨੂੰ ਕਾਫ਼ੀ ਦੂਰ ਤੱਕ ਲੈ ਗਿਆ।

ਟਿੱਪਰ ਚਾਲਕ ਦੀ ਲਾਪ੍ਰਵਾਹੀ ਕਾਰਨ ਵਾਪਰੇ ਦਰਦਨਾਕ ਹਾਦਸੇ ਤੋਂ ਭੜਕੇ ਲੋਕਾਂ ਨੇ ਘਟਨਾ ਵਾਲੀ ਥਾਂ ‘ਤੇ ਕਾਫ਼ੀ ਹੰਗਾਮਾ ਕੀਤਾ ਅਤੇ ਉਕਤ ਟਿੱਪਰ ਦੀ ਭੰਨ-ਤੋੜ ਕੀਤੀ। ਭੜਕੇ ਲੋਕਾਂ ਨੂੰ ਦੇਖ ਮੌਕੇ ‘ਤੇ ਮੌਜੂਦ ਸੜਕ ਬਣਾਉਣ ਵਾਲੀ ਕੰਪਨੀ ਦੇ ਸਾਰੇ ਕਰਮਚਾਰੀ ਕੰਮ ਛੱਡ ਕੇ ਭੱਜ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ ‘ਤੇ ਪੁੱਜੇ ਡੀ. ਐੱਸ. ਪੀ. ਅਮਰਗੜ੍ਹ ਗੁਰਇਕਬਾਲ ਸਿੰਘ, ਥਾਣਾ ਅਮਰਗੜ੍ਹ ਦੇ ਐੱਸ. ਐੱਚ. ਓ. ਹਰਸਿਮਰਨਜੀਤ ਸਿੰਘ ਸਮੇਤ ਹਿੰਮਤਾਨਾ ਪੁਲਸ ਚੌਕੀ ਦੇ ਇੰਚਾਰਜ ਗੁਰਮੁੱਖ ਸਿੰਘ ਲੱਡੀ ਨੇ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕੀਤਾ।

ਟਿੱਪਰ ਦਾ ਚਾਲਕ ਗ੍ਰਿਫ਼ਤਾਰ ਕਰ ਲਿਆ ਹੈ। ਹਸਪਤਾਲ ‘ਚ ਜ਼ੇਰੇ ਇਲਾਜ ਸਲਾਮਦੀਨ ਆਪਣੀ ਪਤਨੀ ਨਾਲ ਪੈਰਾਲਾਈਜ਼ ਅਟੈਕ ਕਾਰਨ ਕਾਫ਼ੀ ਲੰਬੇ ਸਮੇਂ ਤੋਂ ਮੰਜੇ ‘ਤੇ ਪਏ ਆਪਣੇ ਵੱਡੇ ਭਰਾ ਨਾਲ ਰਹਿੰਦਾ ਸੀ। ਸਲਾਮਦੀਨ ਇਕੱਲਾ ਹੀ ਖੇਤੀ ਮਜ਼ਦੂਰੀ ਕਰਕੇ ਆਪਣੇ ਤਿੰਨ ਮੈਂਬਰੀ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਇਸ ਦੇ ਘਰ ਪੈਦਾ ਹੋਈ ਇੱਕ ਕੁੜੀ ਦੀ ਕਰੀਬ ਡੇਢ 2 ਸਾਲ ਪਹਿਲਾਂ ਬੀਮਾਰੀ ਨਾਲ ਮੌਤ ਹੋ ਗਈ ਸੀ ਅਤੇ ਹੁਣ ਇਹ ਦਰਦਨਾਕ ਭਾਣਾ ਵਾਪਰ ਗਿਆ। ਉੱਥੇ ਹੀ ਆਲੇ-ਦੁਆਲੇ ਦੇ ਪਿੰਡਾਂ ‘ਚ ਵੀ ਇਸ ਘਟਨਾ ਨੂੰ ਲੈ ਕੇ ਭਾਰੀ ਸੋਗ ਦੀ ਲਹਿਰ ਹੈ।