ਕਪੂਰਥਲਾ ‘ਚ ਭਿਆਨਕ ਸੜਕ ਹਾਦਸਾ, ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ, ਇਕ ਦੀ ਹਾਲਤ ਗੰਭੀਰ

0
1179

ਕਪੂਰਥਲਾ | ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਪਿੰਡ ਹਮੀਰਾ ਫਲਾਈਓਵਰ ‘ਤੇ ਇਕ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ‘ਚ ਕਾਰ ਸਵਾਰ ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜਵਾਂ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਅਣਪਛਾਤੀ ਮਾਲ ਗੱਡੀ ਨਾਲ ਟਕਰਾ ਕੇ ਇਨੋਵਾ ਕਾਰ ਹਾਦਸਾਗ੍ਰਸਤ ਹੋ ਗਈ। ਥਾਣਾ ਸੁਭਾਨਪੁਰ ਦੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਤੜਕੇ ਕਰੀਬ 2.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਹਮੀਰਾ ਫਲਾਈਓਵਰ ’ਤੇ ਹਾਦਸਾ ਵਾਪਰ ਗਿਆ ਹੈ।

ਜਦੋਂ ਉਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਕ ਇਨੋਵਾ ਕਾਰ ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਸੀ। ਜਦੋਂ ਉਹ ਹੁਮੀਰਾ ਫਲਾਈਓਵਰ ‘ਤੇ ਚੜ੍ਹੀ ਤਾਂ ਉਸ ਦੀ ਕਾਰ ਅਣਪਛਾਤੇ ਭਾਰੀ ਮਾਲ ਗੱਡੀ ਨਾਲ ਟਕਰਾ ਗਈ। ਡਰਾਈਵਰ ਕਾਰ ਤੋਂ ਕੰਟਰੋਲ ਗੁਆ ਬੈਠਾ।
ਏਐਸਆਈ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਵਿੱਚ ਸਵਾਰ ਪੁਲਿਸ ਮੁਲਾਜ਼ਮ ਹਰਦੇਵ ਸਿੰਘ ਅਤੇ ਹਰਜੀਤ ਸਿੰਘ ਵਾਸੀ ਬਿਆਸ ਜੰਡਿਆਲਾ ਗੁਰੂ, ਲਵਲੀ ਵਾਸੀ ਬਿਆਸ ਅਤੇ ਜਤਿੰਦਰ ਕੁਮਾਰ ਵਾਸੀ ਬਿਆਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਕਾਰ ਵਿੱਚ ਸਵਾਰ ਪੰਜਵਾਂ ਨੌਜਵਾਨ ਬਿਆਸ ਵਾਸੀ ਕਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਕੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਏਐਸਆਈ ਅਨੁਸਾਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।