ਮੋਹਾਲੀ | ਕੈਬ ਡਰਾਈਵਰ ਦਾ ਕਤਲ ਕਰਕੇ ਕਾਰ ਖੋਹਣ ਵਾਲਿਆਂ ਨੂੰ ਫੜ ਲਿਆ ਗਿਆ ਹੈ। ਪੁਲਿਸ ਨੇ ਕੈਬ ਡਰਾਈਵਰ ਦਾ ਕਤਲ ਕਰਕੇ ਲਾਸ਼ ਗਟਰ ਵਿਚ ਸੁੱਟਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ 22 ਮਈ ਤਕ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਦਰਅਸਲ ਇਹ ਮੁਲਜ਼ਮ ਕਤਲ ਤੋਂ ਬਾਅਦ ਕਾਰ ਸਮੇਤ ਫਰਾਰ ਹੋ ਗਏ ਸਨ। ਜਦੋਂ ਦਯਾਨੰਦ ਨਾਂਅ ਦਾ ਡਰਾਈਵਰ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਪਤਾ ਲੱਗਾ ਕਿ ਇਹ ਕਤਲ ਦਾ ਮਾਮਲਾ ਹੈ। 15 ਦਿਨਾਂ ਬਾਅਦ ਪੁਲਿਸ ਨੇ ਇਸ ਕਤਲ ਦੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਵਾਸੀ ਬਠਿੰਡਾ ਅਤੇ ਪੰਜਾਬਦੀਪ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸੈਕਟਰ-104 ਇਲਾਕੇ ਦੇ ਇਕ ਗਟਰ ਵਿਚੋਂ ਮ੍ਰਿਤਕ ਦੀ ਲਾਸ਼ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਮੁਲਜ਼ਮ ਕੋਲੋਂ ਸਵਿਫਟ ਕਾਰ ਵੀ ਬਰਾਮਦ ਕਰ ਲਈ ਹੈ। ਐਸਪੀ ਸਿਟੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੰਬਰ ਨੂੰ ਟਰੇਸ ਕੀਤਾ, ਜਿਸ ਤੋਂ ਕੈਬ ਬੁਕਿੰਗ ਹੋਈ ਸੀ।
ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਫੇਜ਼-7 ਵਿਚ ਰਹਿਣ ਵਾਲਾ ਦਯਾਨੰਦ ਹਿਮਾਚਲ ਦਾ ਰਹਿਣ ਵਾਲਾ ਸੀ। ਇਥੇ ਉਹ ਇਨ-ਡਰਾਈਵ ‘ਤੇ ਆਪਣੀ ਕੈਬ ਚਲਾਉਂਦਾ ਸੀ। 1 ਮਈ ਦੀ ਦੇਰ ਰਾਤ ਉਹ ਚਾਚੇ ਨੂੰ ਸੈਕਟਰ-43 ਦੇ ਬੱਸ ਸਟੈਂਡ ਤੋਂ ਲੈ ਕੇ ਸੈਕਟਰ-67 ਵਿਖੇ ਛੱਡ ਗਿਆ ਸੀ। ਉਦੋਂ ਤੋਂ ਉਹ ਲਾਪਤਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਚਾਚੇ ਨੂੰ ਛੱਡਣ ਤੋਂ ਬਾਅਦ ਉਸ ਨੇ ਸੈਕਟਰ-68 ਤੋਂ ਬੁਕਿੰਗ ਲਈ ਸੀ। ਜਦੋਂ ਉਸ ਨੇ ਬੁਕਿੰਗ ਕਰਨ ਵਾਲੇ ਵਿਅਕਤੀ ਨੂੰ ਪਿੱਕ ਕੀਤਾ ਤਾਂ ਉਸ ਨੇ ਉਸ ਨੂੰ ਸਿਟੀ ਪਾਰਕ ਨੇੜੇ ਕਿਸੇ ਹੋਰ ਦੋਸਤ ਨੂੰ ਲਿਜਾਣ ਲਈ ਕਿਹਾ। ਉਥੇ ਜਾ ਕੇ ਉਨ੍ਹਾਂ ਨੇ ਡਰਾਈਵਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਨਾਲ ਹੀ ਕਤਲ ਵਿਚ ਵਰਤਿਆ ਚਾਕੂ ਅਤੇ ਖੂਨ ਸਾਫ਼ ਕਰਨ ਲਈ ਕੱਪੜਾ ਝਾੜੀਆਂ ਵਿਚ ਸੁੱਟ ਕੇ ਬਠਿੰਡਾ ਫ਼ਰਾਰ ਹੋ ਗਏ।
ਇਹ ਨੰਬਰ ਸੈਕਟਰ-68 ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦੇ ਰਾਹੁਲ ਦਾ ਸੀ। ਜਦੋਂ ਉਹ ਉਸ ਕੋਲ ਗਏ ਤਾਂ ਉਸ ਨੇ ਦੱਸਿਆ ਕਿ ਉਸ ਦਾ ਫ਼ੋਨ ਉਸ ਦੇ ਨਾਲ ਕੰਮ ਕਰਨ ਵਾਲੇ ਰੇਸ਼ਮ ਸਿੰਘ ਨੇ ਲੈ ਲਿਆ ਸੀ। ਜਦੋਂ ਰੇਸ਼ਮ ਦਾ ਰਿਕਾਰਡ ਕੱਢਿਆ ਗਿਆ ਤਾਂ ਪਤਾ ਲੱਗਾ ਕਿ ਇਹ ਬਠਿੰਡਾ ਦਾ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਰੇਸ਼ਮ ਉਸ ਦਾ ਫ਼ੋਨ ਪੰਜਾਬਦੀਪ ਸਿੰਘ ਦੇ ਨਾਲ ਲੈ ਗਿਆ ਸੀ। ਫਿਰ ਪੰਜਾਬਦੀਪ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਗਈ। ਪੰਜਾਬਦੀਪ ਨੂੰ ਸੈਕਟਰ-70 ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਰੇਸ਼ਮ ਨੂੰ ਬਠਿੰਡਾ ਤੋਂ ਫੜਿਆ। ਦੋਵਾਂ ਤੋਂ ਪੁੱਛਗਿੱਛ ਦੌਰਾਨ ਸਾਰੀ ਕਹਾਣੀ ਸਾਹਮਣੇ ਆਈ।