ਜਲੰਧਰ ‘ਚ ਪੰਜਾਬ ਦੀ ਰੋਡਵੇਜ਼ ਬੱਸ ਤੇ ਟੈਂਪੂ ਦੀ ਭਿਆਨਕ ਟੱਕਰ, 2 ਲੋਕਾਂ ਦੀ ਮੌਤ, 7 ਗੰਭੀਰ ਜ਼ਖਮੀ

0
2272

ਜਲੰਧਰ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਾਹਕੋਟ ਦੇ ਪਿੰਡ ਪਰਜੀਆਂ ਕਲਾਂ ਮੋੜ ‘ਤੇ ਵਾਪਰਿਆ। ਟੈਂਪੂ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਟੱਕਰ ਹੋ ਗਈ। ਇਸ ਘਟਨਾ ‘ਚ ਕਰੀਬ 7 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਪਵਨ ਕੁਮਾਰ ਵਾਸੀ ਗੋਪਾਲ ਨਗਰ ਜ਼ਿਲਾ ਗੁਰਦਾਸਪੁਰ ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਦੀ ਬੱਸ ਚਲਾ ਰਿਹਾ ਸੀ। ਸਵਾਰੀਆਂ ਨਾਲ ਭਰਿਆ ਟੈਂਪੂ ਪਿੰਡ ਪਰਜੀਆਂ ਕਲਾਂ ਤੋਂ ਸ਼ਾਹਕੋਟ ਸ਼ਹਿਰ ਵੱਲ ਜਾ ਰਿਹਾ ਸੀ। ਜਦੋਂ ਟੈਂਪੂ ਅਤੇ ਬੱਸ ਪਰਜੀਆਂ ਕਲਾਂ ਮੋੜ ਨੇੜੇ ਸਥਿਤ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਸਰਵਿਸ ਲੇਨ ‘ਤੇ ਦੋਵੇਂ ਵਾਹਨ ਆਪਸ ਵਿਚ ਟਕਰਾ ਗਏ।

ਘਟਨਾ ਦੇ ਸਮੇਂ ਟੈਂਪੂ ਨੂੰ ਚੇਤ ਰਾਮ (60) ਵਾਸੀ ਪਿੰਡ ਨਰੰਗਪੁਰ, ਹਾਂਸੀ ਚਲਾ ਰਿਹਾ ਸੀ। ਕ੍ਰਿਸ਼ਨਾ ਦੇਵੀ (34), ਲੜਕੀ ਅਮਨ (11), ਬਾਨੋ (65), ਕਸ਼ਮੀਰ ਸਿੰਘ (75), ਹਰਦੀਸ਼ ਕੌਰ (65), ਲਖਵਿੰਦਰ ਕੌਰ (55), ਅਮਰਜੀਤ ਕੌਰ (65) ਅਤੇ ਕਮਲਜੀਤ ਵਾਸੀ ਪਿੰਡ ਪਰਜੀਆਂ ਕਲਾਂ ਸਵਾਰ ਸੀ।

ਟੈਂਪੂ ਚਾਲਕ ਚੇਤ ਰਾਮ ਅਤੇ ਔਰਤ ਕਮਲਜੀਤ ਕੌਰ ਨੂੰ ਨਿੱਜੀ ਵਾਹਨਾਂ ਵਿਚ ਸਰਕਾਰੀ ਹਸਪਤਾਲ ਨਕੋਦਰ ਲਿਜਾਇਆ ਗਿਆ, ਜਿਥੇ ਬੀਤੀ ਦੇਰ ਸ਼ਾਮ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਸ਼ਾਹਕੋਟ ਲਿਜਾਇਆ ਗਿਆ ਤਾਂ ਸਾਰਿਆਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਕਾਰਵਾਈ ਏਐਸਆਈ ਸਰਵਣ ਸਿੰਘ ਕਰ ਰਹੇ ਹਨ। ਅੱਜ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।