ਮੋਹਾਲੀ | ਇਥੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਪਿਕਅੱਪ ਜੀਪ ਤੇ ਟੋਇਟਾ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਸ ਦੇ ਪਰਖੱਚੇ ਉਡ ਗਏ। ਹਾਦਸਾ ਅੱਜ ਸਵੇਰੇ ਲਗਭਗ 5 ਵਜੇ ਵਾਪਰਿਆ। ਹਾਦਸੇ ਵਿਚ 10 ਮਹੀਨੇ ਦੀ ਬੱਚੀ ਸਮੇਤ ਉਸ ਦੀ ਦਾਦੀ ਦੀ ਮੌਤ ਹੋ ਗਈ। ਨਾਲ ਹੀ ਦਾਦੇ ਤੇ ਮਾਂ ਨੂੰ ਗੰਭੀਰ ਸੱਟਾਂ ਲੱਗੀਆਂ।
ਜਾਣਕਾਰੀ ਮੁਤਾਬਕ ਅੱਜ ਸਵੇਰੇ 4 ਵਿਅਕਤੀ ਕਿਸੇ ਕੰਮ ਲਈ ਰੋਪੜ ਤੋਂ ਦਿੱਲੀ ਜਾ ਰਹੇ ਸਨ ਤਾਂ ਦੂਜੇ ਪਾਸਿਓਂ ਫਰੂਟ ਨਾਲ ਭਰੀ ਪਿਕਅੱਪ ਹਿਮਾਚਲ ਤੋਂ ਪੰਜਾਬ ਵੱਲ ਆ ਰਹੀ ਸੀ ਕਿ ਦੋਵਾਂ ਦੀ ਟੱਕਰ ਹੋ ਗਈ। ਇਸ ਦੌਰਾਨ ਦਾਦੇ ਤੇ ਮਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਵਿਚ ਪਿਕਅੱਪ ਚਾਲਕ ਵੀ ਜ਼ਖਮੀ ਹੋ ਗਿਆ।