ਮਨਸਾ ਦੇਵੀ ਮੰਦਿਰ ਜਾ ਰਹੇ ਕਾਰ ਸਵਾਰਾਂ ਨਾਲ ਵਾਪਰਿਆ ਭਿਆਨਕ ਹਾਦਸਾ, ਬਜ਼ੁਰਗ ਦੀ ਮੌਤ, 5 ਗੰਭੀਰ

0
1003

ਪਟਿਆਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਕਰਾਲਾ ਨੇੜੇ ਸਵੇਰੇ 4 ਵਜੇ ਟਰੱਕ ਤੇ ਕਾਰ ਦਰਮਿਆਨ ਹੋਏ ਹਾਦਸੇ ‘ਚ ਕਾਰ ‘ਚ ਸਵਾਰ ਪਰਿਵਾਰ ਦੇ ਇਕ ਮੈਂਬਰ ਦੀ ਮੌਤ ਅਤੇ 2 ਔਰਤਾਂ ਸਮੇਤ 5 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਚੰਡੀਗੜ੍ਹ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਜਰਨੈਲ ਸਿੰਘ (70) ਪੁੱਤਰ ਈਸ਼ਰ ਸਿੰਘ ਵਾਸੀ ਪਿੰਡ ਬਹਿਰੂ ਜ਼ਿਲ੍ਹਾ ਪਟਿਆਲਾ ਆਪਣੇ ਪਰਿਵਾਰ ਦੇ 5 ਮੈਂਬਰਾਂ ਨਾਲ ਮਨਸਾ ਦੇਵੀ ਮੰਦਰ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਸਨ। ਜਦੋਂ ਪਿੰਡ ਕਰਾਲਾ ਨਜ਼ਦੀਕ ਪਹੁੰਚੇ ਤਾਂ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਜ਼ਖ਼ਮੀਆਂ ਨੂੰ ਕਾਰ ਵਿਚੋਂ ਬਾਹਰ ਕੱਢਿਆ।

ਹਾਦਸੇ ‘ਚ ਕਾਰ ਸਵਾਰ ਜਰਨੈਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ, ਅਭਿਜੋਤ ਸਿੰਘ ਪੁੱਤਰ ਹਰਜਿੰਦਰ ਸਿੰਘ, ਮਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ, ਮਨਪ੍ਰੀਤ ਕੌਰ ਪਤਨੀ ਹਰਜਿੰਦਰ ਸਿੰਘ ਤੇ ਹਰਵਿੰਦਰ ਕੌਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।