ਪਟਿਆਲਾ/ਸਮਾਣਾ, 29 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਵਾਂਗਾਓਂ ਚੀਕਾ ਰੋਡ ’ਤੇ ਧੁੰਦ ਕਾਰਨ ਸਰਕਾਰੀ ਬੱਸ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਟਕਰਾਅ ਗਈ, ਜਿਸ ਕਾਰਨ 2 ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਦਿੱਲੀ ਜਾਣ ਵਾਲੀ ਬੱਸ ਸੰਘਣੀ ਧੁੰਦ ਹੋਣ ਕਰਕੇ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਇੱਟਾਂ ਨਾਲ ਭਰੀ ਟਰਾਲੀ ’ਤੇ ਬੈਠੇ ਮਜ਼ਦੂਰ ਤਲਕੀ ਦੇਵੀ, ਮਾਲਤੀ, ਅੰਜੂ, ਫੂਲਵਾ ਸਮੇਤ ਬੱਸ ’ਚ ਸਵਾਰ ਕੰਡਕਟਰ ਗੁਰਮੀਤ ਸਿੰਘ ਤੇ ਚਾਲਕ ਬਲਜਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ ਜਦੋਂਕਿ ਇਸ ਹਾਦਸੇ ਵਿਚ ਜ਼ਖਮੀਆਂ ਨਾਲ਼ ਟਰਾਲੀ ’ਤੇ ਬੈਠੇ ਚਾਂਦਨੀ 17 ਸਾਲ ਪੁੱਤਰੀ ਰਾਜ ਬਾਲਮ ਅਤੇ ਮਹੇਸ਼ 15 ਸਾਲ ਪੁੱਤਰ ਰਹੀਸ਼ ਦੀ ਮੌਤ ਹੋ ਗਈ।
ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮਹੇਸ਼ ਦੇ ਪਿਤਾ ਰਹੀਸ਼ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ।