ਵਿਗਿਆਨ ਦਾ ਮਹੱਤਵ

0
6620

ਸਾਡੀ ਜ਼ਿੰਦਗੀ ਨੂੰ ਅੱਜ ਵਿਗਿਆਨ ਨੇ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ।  ਕਿਸੇ ਵੀ ਵਿਆਕਤੀ ਦੀ ਵਿਗਿਆਨਕ ਸੋਚ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਨੂੰ ਦੇਖਦਾ ਅਤੇ ਅਨੁਭਵ ਕਰਦਾ ਹੈ। ਜਿਵੇਂ ਦਿਨ ਰਾਤ ਕਿਵੇਂ ਬਣਦੇ ਹਨ? ਘਰ ਵਿੱਚ ਪੱਖਾ ਕਿਵੇਂ ਇੰਨੀ ਤੇਜ਼ੀ ਨਾਲ ਘੁੰਮਦਾ ਹੈ? ਅਸੀਂ ਸਾਹ ਕਿਉਂ ਲੈਂਦੇ ਹਾਂ? ਅਤੇ ਹੋਰ ਵੀ ਅਨੇਕਾਂ ਪ੍ਰਸ਼ਨ ਅਜਿਹੇ ਹਨ ਜਿਹੜੇ ਅਕਸਰ ਬੱਚੇ ਪੁੱਛਦੇ ਹਨ। ਬੱਚਿਆਂ ਨੂੰ ਇਨ੍ਹਾਂ ਪ੍ਰਸ਼ਨਾਂ ਦਾ ਜੁਆਬ ਸਮੇਂ ਸਿਰ ਦੇਣਾ ਹਰ ਅਧਿਆਪਕ ਦਾ ਫ਼ਰਜ਼ ਹੈ। ਬੱਚੇ ਨੂੰ ਸਹੀ ਸਮੇਂ ‘ਤੇ ਜੁਆਬ ਦੇਣਾ ਉਸ ਵਿੱਚ ਵਿਗਿਆਨਕ ਸੋਚ ਪੈਦਾ ਕਰਦਾ ਹੈ।


ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਵਿੱਚ ਵਿਗਿਆਨ ਵਿਸ਼ੇ ਅਤੇ ਪੜ੍ਹਾਈ ਬਾਰੇ ਅਜਿਹੇ ਤੱਥ ਸਾਹਮਣੇ ਆਏ ਜਿਸ ਨਾਲ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਸ ਵਿਸ਼ੇ ਬਾਰੇ ਬੱਚਿਆਂ ਦਾ ਰੁਝਾਨ ਘਟ ਰਿਹਾ ਹੈ। ਖ਼ਾਸ ਕਰਕੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਦੀ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸਵੀਂ ਜਮਾਤ ਤਕ ਤਾਂ ਵਿਗਿਆਨ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਹੈ ਪਰ ਗਿਆਰ੍ਹਵੀਂ ਵਿੱਚ ਨਾਨ-ਮੈਡੀਕਲ ਅਤੇ ਮੈਡੀਕਲ ਦੇ ਵਿਦਿਆਰਥੀ ਹੀ ਇਸ ਨੂੰ ਪੜ੍ਹਦੇ ਹਨ। ਪੇਂਡੂ ਖੇਤਰ ਦੇ ਵਿਦਿਆਰਥੀ ਬਹੁਤ ਘੱਟ ਗਿਣਤੀ ਵਿੱਚ ਇਸ ਵਿਸ਼ੇ ਦੀ ਚੋਣ ਕਰਦੇ ਹਨ। ਜੋ ਕਰਦੇ ਹਨ ਉਹ ਵੀ ਉਚੇਰੀ ਸਿੱਖਿਆ ਤਕ ਨਹੀਂ ਪਹੁੰਚਦੇ। ਇਸ ਦਾ ਕਾਰਨ ਬੱਚਿਆਂ ਵਿੱਚ ਹੁਨਰ ਦੀ ਘਾਟ ਨਹੀਂ ਹੈ ਕਮੀ ਇਸ ਵਿਸ਼ੇ ਨੂੰ ਸਹੀ ਢੰਗ ਨਾਲ ਪੜ੍ਹਾਉਣ ਵਿੱਚ ਹੈ। ਜੇ ਇਸ ਵਿਸ਼ੇ ਬਾਰੇ ਪ੍ਰਾਇਮਰੀ ਜਮਾਤਾਂ ਤੋਂ ਹੀ ਧਿਆਨ ਦਿੱਤਾ ਜਾਵੇ ਤਾਂ ਪੰਜਾਬ ਦਾ ਵਿਗਿਆਨਕ ਭਵਿੱਖ ਸੁਨਹਿਰਾ ਹੋ ਸਕਦਾ ਹੈ।


ਪੰਜਾਬ ਵਿੱਚ ਵਿਗਿਆਨ ਵਿਸ਼ੇ ਦੀ ਪੜ੍ਹਾਈ ਨੂੰ ਪ੍ਰਫੁੱਲਤ ਕਰਨ ਲਈ ਇੱਕ ਵਿਆਪਕ ਯੋਜਨਾ ਦੀ ਜ਼ਰੂਰਤ ਹੈ। ਪ੍ਰਾਇਮਰੀ ਜਮਾਤਾਂ ਤੋਂ ਹੀ ਵਿਦਿਆਰਥੀਆਂ ਦੀ ਨੀਂਹ ਨੂੰ ਵਿਗਿਆਨ ਨਾਲ ਜੋੜਨਾ ਚਾਹੀਦਾ ਹੈ। ਵਾਤਾਵਰਨ ਸਿੱਖਿਆ ਦਾ ਵਿਸ਼ਾ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਪੜ੍ਹਾਇਆ ਜਾਂਦਾ ਹੈ ਪਰ ਵਾਤਾਵਰਨ ਸਿੱਖਿਆ ਨੂੰ ਬੰਦ ਕਮਰੇ ਵਿੱਚ ਬੈਠ ਕੇ ਪੜ੍ਹਾਉਣਾ ਮੰਦਭਾਗਾ ਹੈ। ਜਦਕਿ ਵਾਤਾਵਰਨ ਸਿੱਖਿਆ ਨੂੰ ਐਕਟੀਵਿਟੀ ਅਤੇ ਪ੍ਰੈਕਟੀਕਲ ਕਰ ਕੇ ਪੜ੍ਹਾਉਣਾ ਚਾਹੀਦਾ ਹੈ।
ਸਰਕਾਰ ਵਿਗਿਆਨ ਵਿਸ਼ੇ ਦੀ ਪੜ੍ਹਾਈ ਨੂੰ ਪ੍ਰਫੁੱਲਤ ਕਰਨ ਲਈ ਕਈ ਯਤਨ ਕਰ ਰਹੀ ਹੈ। ਜਿਵੇਂ ਵਿਗਿਆਨ ਮੇਲੇ, ਵਿਗਿਆਨ ਨਾਟਕ ਮੁਕਾਬਲੇ ਆਦਿ ਕਰਵਾਏ ਜਾਂਦੇ ਹਨ ਪਰ ਇਹ ਸਾਰੇ ਮੁਕਾਬਲੇ ਛੇਵੀਂ ਜਮਾਤ ਤੋਂ ਅਗਲੀਆਂ ਜਮਾਤਾਂ ਲਈ ਹੁੰਦੇ ਹਨ। ਪ੍ਰਾਇਮਰੀ ਜਮਾਤਾਂ ਲਈ ਕੋਈ ਮੁਕਾਬਲਾ ਨਹੀਂ। ਪ੍ਰਇਮਰੀ ਸਕੂਲ ਵਿੱਚ ਕਈ ਅਜਿਹੇ ਵਿਦਿਆਰਥੀ ਹੁੰਦੇ ਹਨ ਜਿਹੜੇ ਅਧਿਆਪਕ ਦੀ ਥੋੜੀ ਜਿਹੀ ਸਹਾਇਤਾ ਨਾਲ ਵਧੀਆ ਮਾਡਲ ਤਿਆਰ ਕਰ ਸਕਦੇ ਹਨ। ਕਿਸੇ ਛੋਟੇ ਬੱਚੇ ਦੀ ਸਿਰਜਨਾ ਸ਼ਕਤੀ ਵੱਡੇ ਬੱਚਿਆਂ ਨਾਲੋਂ ਜ਼ਿਆਦਾ ਹੋ ਸਕਦੀ ਹੈ ਬਸ ਬੱਚੇ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੁੰਦੀ ਹੈ।
ਪੰਜਾਬ ਸਟੇਟ ਕਾਊਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਦੀ ਰਚਨਾ ਹੀ ਵਿਗਿਆਨ ਪ੍ਰਤੀ ਲੋਕਾਂ ਵਿੱਚ ਰੂਚੀ ਪੈਦਾ ਕਰਨ ਲਈ ਕੀਤੀ ਗਈ ਸੀ। ਇਸ ਸੰਸਥਾ ਨੂੰ ਪ੍ਰਾਇਮਰੀ ਪੱਧਰ ‘ਤੇ ਵੀ ਗਤਿਵਿਧੀਆਂ ਕਰਨੀਆਂ ਚਾਹੀਦੀਆਂ ਹਨ। ਵਿਗਿਆਨ ਵਿਸ਼ਾ ਭਵਿੱਖ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਪ੍ਰਾਇਮਰੀ ਕਲਾਸਾਂ ਤੋਂ ਹੀ ਬੱਚਿਆਂ ਨੂੰ ਇਸ ਨਾਲ ਕਿਵੇਂ ਜੋੜਿਆ ਜਾਵੇ, ਇਸ ਗੱਲ ਉੱਪਰ ਵਿਚਾਰ ਕੀਤਾ ਜਾਵੇ।
ਵਿਗਿਆਨ ਵਿਸ਼ੇ ਨਾਲ ਸਬੰਧਤ ਇੱਕ ਹੋਰ ਵੱਡੀ ਸਮੱਸਿਆ ਇਸ ਨੂੰ ਗਿਆਰਵੀਂ ਜਮਾਤ ਤੋਂ ਸਿਰਫ਼ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਇਆ ਜਾਣਾ ਵੀ ਹੈ। ਭਾਰਤ ਵਿੱਚ ਕਈ ਸੂਬੇ ਅਜਿਹੇ ਵੀ ਹਨ ਜਿੱਥੇ ਇਹ ਹਿੰਦੀ ਜਾਂ ਉੱਥੋਂ ਦੀ ਮਾਤ ਭਾਸ਼ਾ ਵਿੱਚ ਪੜ੍ਹਾਏ ਜਾਂਦੇ ਹਨ। ਇਸ ਨੂੰ ਪੰਜਾਬੀ ਮਾਧਿਅਮ ਵਿੱਚ ਪੜ੍ਹਾਉਣ ਦੀ ਵਿਵਸਥਾ ਵੀ ਹੋਣੀ ਚਹੀਦੀ ਹੈ। ਬਹੁਤ ਸਾਰੇ ਵਿਦਿਆਰਥੀ ਵਿਗਿਆਨ ਵਿਸ਼ੇ ਵਿੱਚ ਚੰਗੇ ਹੋਣ ਦੇ ਬਾਵਜੂਦ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਨਾ ਹੋਣ ਕਰ ਕੇ ਮਾਰ ਖਾ ਜਾਂਦੇ ਹਨ।
ਅਜੋਕੇ ਸਮੇਂ ਵਿੱਚ ਵਿਗਿਆਨ ਦੀ ਬਹੁਤ ਮਹੱਤਤਾ ਹੈ। ਸੰਵੇਦਨਸ਼ੀਲ ਸਮਾਜ ਦੀ ਉਸਾਰੀ ਲਈ ਵਿਗਿਆਨਕ ਸੋਚ ਦਾ ਹੋਣਾ ਅਤਿ ਜ਼ਰੂਰੀ ਹੈ। ਵਿਗਿਆਨ ਵਿਸ਼ੇ ਵਿੱਚ ਰੁਜ਼ਗਾਰ ਦੀਆਂ ਵੀ ਬਹੁਤ ਸੰਭਾਵਨਾਵਾਂ ਹਨ। ਪੇਂਡੂ ਖੇਤਰ ਵਿੱਚ ਵਿਗਿਆਨ ਦਾ ਪ੍ਰਸਾਰ ਜ਼ਮੀਨੀ ਹਕੀਕਤਾਂ ਬਦਲ ਸਕਦਾ ਹੈ।