ਸਿੱਖਿਆ ਮੰਤਰੀ ਦੇ ਘਰ ਪਹੁੰਚੇ ਅਧਿਆਪਕ, ਬੀ.ਐੱਡ ਟੈੱਟ ਪਾਸ ਅਧਿਆਪਕਾਂ ਕੀਤੀ ਨਾਅਰੇਬਾਜ਼ੀ, ਪਰਗਟ ਸਿੰਘ ਨੇ ਇਕ ਹਫਤੇ ‘ਚ ਭਰਤੀ ਦਾ ਇਸ਼ਤਿਹਾਰ ਦੇਣ ਦਾ ਦਿੱਤਾ ਭਰੋਸਾ

0
2085

ਜਲੰਧਰ | ਅੱਜ ਦੇਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਬੇਰੋਜ਼ਗਾਰਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਗੇਟ ਮੱਲ ਕੇ ਪੁਲਿਸ ਪ੍ਰਬੰਧਾਂ ਉੱਤੇ ਸਵਾਲੀਆ ਚਿੰਨ ਖੜ੍ਹਾ ਕਰ ਦਿੱਤਾ, ਨਾਲ ਹੀ ਪਰਗਟ ਸਿੰਘ ਦਾ ਕੋਠੀ ‘ਚੋਂ ਬਾਹਰ ਨਿਕਲਣ ਦਾ ਰਸਤਾ ਬੰਦ ਕਰ ਦਿੱਤਾ। ਆਖਿਰ ਬੇਰੋਜ਼ਗਾਰਾਂ ਨੂੰ ਪਰਗਟ ਸਿੰਘ ਨੇ ਖੁਦ ਭਰੋਸਾ ਦੇ ਕੇ ਰਾਹ ਖੁੱਲ੍ਹਵਾਇਆ।

ਬੀਤੀ 3 ਦਸੰਬਰ ਨੂੰ ਬੇਰੋਜ਼ਗਾਰ ਬੀ.ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਮੌਕੇ ‘ਤੇ ਬੇਰੋਜ਼ਗਾਰਾਂ ਨੇ ਸਥਾਨਕ ਬੀਐੱਸਐੱਫ ਚੌਕ ਵਿੱਚ ਲਾਰਿਆਂ ਦੀ ਪੰਡ ਫੂਕ ਕੇ ਪ੍ਰਦਰਸ਼ਨ ਖਤਮ ਕਰ ਦਿੱਤਾ ਸੀ।

ਪ੍ਰਸ਼ਾਸਨ ਵੱਲੋਂ 5 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਸਥਾਨਕ ਕੋਠੀ ਵਿੱਚ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਬੇਰੋਜ਼ਗਾਰਾਂ ਨੇ ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਦੱਬੇ ਪੈਰੀਂ ਕੋਠੀ ਅੱਗੇ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਦਾ ਪ੍ਰਸ਼ਾਸ਼ਨ ਨੂੰ ਕਿਆਸ ਤੱਕ ਨਹੀਂ ਸੀ।

ਘਬਰਾਏ ਪੁਲਿਸ ਅਧਿਕਾਰੀਆਂ ਨੇ ਬੇਰੋਜ਼ਗਾਰ ਆਗੂਆਂ ਨਾਲ ਧੱਕਾਮੁੱਕੀ ਕਰਕੇ ਮੋਬਾਇਲ ਖੋਹਣ ਤੱਕ ਦੀ ਕੋਸ਼ਿਸ਼ ਕੀਤੀ। ਆਖਿਰ ਲੰਬੀ ਜੱਦੋ-ਜਹਿਦ ਮਗਰੋਂ ਸਿੱਖਿਆ ਮੰਤਰੀ ਨੇ ਬੇਰੋਜ਼ਗਾਰ ਆਗੂਆਂ ਮੀਤ ਪ੍ਰਧਾਨ ਅਮਨ ਸੇਖਾਂ, ਸੰਦੀਪ ਗਿੱਲ, ਗਗਨਦੀਪ ਕੌਰ, ਰਸ਼ਪਾਲ ਸਿੰਘ, ਹਰਜਿੰਦਰ ਕੌਰ ਗੋਲੀ, ਬਲਕਾਰ ਸਿੰਘ ਮਾਘਾਨੀਆ ਤੇ ਅਮਨਦੀਪ ਕੌਰ ਬਠਿੰਡਾ ਨੂੰ ਦਫਤਰ ਵਿੱਚ ਬੁਲਾ ਕੇ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ।

ਗੱਲ ਨਾ ਬਣਦੀ ਵੇਖ ਖੁਦ ਪਰਗਟ ਸਿੰਘ ਨੇ ਬੇਰੋਜ਼ਗਾਰਾਂ ਨੂੰ ਸੰਬੋਧਨ ਕਰਕੇ 10 ਦਸੰਬਰ ਤੱਕ ਪ੍ਰਵਾਨਿਤ 10880 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ।

ਉਨ੍ਹਾਂ ਸਮਾਜਿਕ ਸਿੱਖਿਆ, ਹਿੰਦੀ ਤੇ ਪੰਜਾਬੀ ਦੀਆਂ ਅਸਾਮੀਆਂ ਦੀ ਪੂਰਨ ਜਾਣਕਾਰੀ ਲਈ ਜਲਦੀ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਬੇਰੋਜ਼ਗਾਰਾਂ ਨੇ ਕੋਠੀ ਦੇ ਗੇਟ ਤੋਂ ਚੱਲਦਾ ਧਰਨਾ ਸਮਾਪਤ ਕਰਕੇ ਮੰਗਾਂ ਦੀ ਪੂਰਤੀ ਤੱਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਅਤੇ ਹੇਠਾਂ ਚੱਲ ਰਹੇ ਪੱਕੇ ਮੋਰਚੇ ਨੂੰ ਜਿਉ ਦੀ ਤਿਉਂ ਜਾਰੀ ਰੱਖਣ ਦਾ ਐਲਾਨ ਕੀਤਾ।

ਬੇਰੋਜ਼ਗਾਰ ਆਗੂਆਂ ਨੇ ਕਾਂਗਰਸ ਸਰਕਾਰ ‘ਤੇ ਘਰ-ਘਰ ਰੋਜ਼ਗਾਰ ਤੇ ਬੇਰੋਜ਼ਗਾਰੀ ਭੱਤਾ ਦੇਣ ਤੋਂ ਮੁੱਕਰਨ ਦੇ ਦੋਸ਼ ਲਗਾਉਂਦਿਆਂ ਆਉਂਦੀਆਂ ਚੋਣਾਂ ਵਿੱਚ ਜ਼ਬਰਦਸਤ ਵਿਰੋਧ ਦੀ ਚਿਤਾਵਨੀ ਦਿੱਤੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ