Teachers Day: ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਲਈ ਯਤਨ ਜਾਰੀ- CM ਮਾਨ

0
2274

ਸੰਗਰੂਰ| ਮੁੱਖ ਮੰਤਰੀ ਨੇ ਅਧਿਆਪਕ ਦਿਵਸ ਮੌਕੇ ਦੇਸ਼ ਭਰ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਦੀ ਗੱਲ ਵੀ ਦੁਹਰਾਈ ਹੈ। ਸੀਐਮ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਦਰਕਿਨਾਰ ਕੀਤੇ ਗਏ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਲਈ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅਧਿਆਪਕ ਮਾਪਿਆਂ ਤੋਂ ਬਾਅਦ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨੇ ਗਏ ਹਨ…ਅੱਜ ਅਧਿਆਪਕ ਦਿਵਸ ਮੌਕੇ ਦੇਸ਼ ਸਮੇਤ ਪੰਜਾਬ ਦੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ…ਨਾਲ ਹੀ ਤੁਹਾਡੀ ਸਭ ਦੀ ਤੰਦਰੁਸਤੀ ਤੇ ਸਲਾਮਤੀ ਦੀ ਕਾਮਨਾ ਕਰਦਾ ਹਾਂ…ਪਿਛਲੀਆਂ ਸਰਕਾਰਾਂ ਵੱਲੋਂ ਦਰਕਿਨਾਰ ਕੀਤੇ ਗਏ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਲਈ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ…।

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ 2023 ਮੌਕੇ 80 ਅਧਿਆਪਕ ਸਨਮਾਨਤ ਕੀਤੇ ਗਏ। ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪ੍ਰਵਾਨ ਕੀਤੀ ਗਈ ਸੂਚੀ ਅਨੁਸਾਰ ਅਧਿਆਪਕ ਰਾਜ ਪੁਰਸਕਾਰ 54 ਅਧਿਆਪਕਾਂ ਨੂੰ ਦਿੱਤਾ ਗਿਆ ਜਦਕਿ ਯੰਗ ਟੀਚਰ ਐਵਾਰਡ 11 ਅਧਿਆਪਕਾਂ ਨੂੰ। ਇਸ ਤੋਂ ਇਲਾਵਾ 10 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਤੇ 5  ਅਧਿਆਪਕਾਂ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੌਮੀ ਅਧਿਆਪਕ ਦਿਵਸ ਮੌਕੇ ਰਾਜ ਸਰਕਾਰ ਵੱਲੋਂ ਸਨਮਾਨ ਲਈ ਚੁਣੇ ਗਏ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਦੂਸਰੇ ਅਧਿਆਪਕਾਂ ਲਈ ਚਾਨਣ ਮੁਨਾਰਾ ਬਣਨਗੇ। ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੁੱਖ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।