ਸਾਥੀ ਮਹਿਲਾ ਅਧਿਆਪਕਾਂ ਵਲੋਂ ਜ਼ਲੀਲ ਕਰਨ ‘ਤੇ ਅਧਿਆਪਕਾ ਨੇ ਕੀਤੀ ਖੁਦਕੁਸ਼ੀ, ਦੀਵਾਰ ‘ਤੇ ਲਿਖਿਆ ਸੁਸਾਈਡ ਨੋਟ

0
5549

ਕਪੂਰਥਲਾ | ਸਰਕਾਰੀ ਸਕੂਲ ਦੀ ਇੱਕ ਟੀਚਰ ਨੇ ਆਪਣੇ ਦੋ ਸਾਥੀ ਟੀਚਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ । ਥਾਣਾ ਬੇਗੋਵਾਲ ਅਧੀਨ ਪਿੰਡ ਮਿਆਣੀ ਭੱਗੂਪੁਰੀਆ ਵਿਖੇ ਅਧਿਆਪਕਾ ਵਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ । ਇਥੇ ਨਮਰਤਾ ਸ਼ਰਮਾ ਵੱਲੋਂ ਸਰਕਾਰੀ ਹਾਈ ਸਕੂਲ ਭਦਾਸ ਦੀਆਂ ਦੋ ਅਧਿਆਪਕਾਵਾਂ ਵੱਲੋਂ ਜ਼ਲੀਲ ਕਰਨ ‘ਤੇ ਫਾਹਾ ਲੈ ਲਿਆ । ਨਮਰਤਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੀਵਾਰ ‘ਤੇ ਸੁਸਾਈਡ ਨੋਟ ਵੀ ਲਿਖਿਆ ।


ਪੁਲਸ ਨੇ ਸੁਸਾਈਡ ਨੋਟ ‘ਚ ਲਿਖੇ ਨਾਵਾਂ ਵਿਚ ਦੋਵੇਂ ਅਧਿਆਪਕਾਵਾਂ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਵਾਸੀ ਬੇਗੋਵਾਲ ਖਿਲਾਫ ਪਰਚਾ ਦਰਜ ਕਰ ਲਿਆ ਹੈ।‌

ਮ੍ਰਿਤਕਾ ਦੇ ਪਤੀ ਵਿਸ਼ਾਲ ਬਜਾਜ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡ ਕੁੱਲਾ ਵਿਖੇ ਬਤੌਰ ਈਟੀਟੀ ਟੀਚਰ ਲੱਗਾ ਹੋਇਆ ਹੈ । 2 ਮਈ ਨੂੰ ਨਮਰਤਾ ਸ਼ਰਮਾ 40 ਸਾਲ 9.30 ਵਜੇ ਦਿਨੇ ਆਪਣੀ ਡਿਊਟੀ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ ਸੀ । ਕਰੀਬ 12.15 ਵਜੇ ਉਹ ਸਕੂਲ ਤੋਂ ਘਰ ਵਾਪਸ ਆ ਗਈ ਤੇ ਮੈਨੂੰ ਦੱਸਿਆ ਕਿ ਮੇਰੀ ਰਵਨੀਤ ਕੌਰ ਅਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਹੈ ।


ਇਸ ਦੌਰਾਨ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਉਸ ਨੂੰ ਜ਼ਲੀਲ ਕੀਤਾ ਤੇ ਮਾੜਾ ਚੰਗਾ ਬੋਲਿਆ ਤੇ ਮੈਂ ਕਿਹਾ ਕਿ ਮੈਂ ਪਰਸੋਂ ਆਪ ਤੇਰੇ ਨਾਲ ਜਾ ਕੇ ਸਕੂਲ ਦੀਆਂ ਮੈਡਮਾਂ ਨਾਲ ਗੱਲ ਕਰਾਂਗਾ। ਮੈਂ, ਮੇਰੀ ਪਤਨੀ ਤੇ ਲੜਕਾ ਸ਼ਮੀਰ ਬਜਾਜ ਖਾਣਾ ਖਾ ਕੇ ਆਪਣੇ ਘਰ ਰਾਤ ਨੂੰ ਬੈਠੇ ਸੀ ਤਾਂ ਕਰੀਬ 10 ਵਜੇ ਰਾਤੀ ਮੇਰੀ ਪਤਨੀ ਨਮਰਤਾ ਸ਼ਰਮਾ ਮੇਰੇ ਕਮਰੇ ਵਿੱਚ ਉੱਠ ਕੇ ਦੂਸਰੇ ਕਮਰੇ ਵਿੱਚ ਚਲੀ ਗਈ, ਜਿਸ ‘ਤੇ ਮੇਰਾ ਬੇਟਾ ਉਸ ਨੂੰ ਬੁਲਾਉਣ ਗਿਆ ਪਰ ਉਹ ਨਹੀਂ ਆਈ। ਫਿਰ ਅਚਾਨਕ 15 ਮਿੰਟ ਬਾਅਦ ਮੇਰੀ ਘਰਵਾਲੀ ਆਪਣੇ ਕਮਰੇ ਵਿਚੋਂ ਬਾਹਰ ਆਈ ਤੇ ਮੇਰੇ ਕਮਰੇ ਵਾਲੇ ਦਰਵਾਜ਼ੇ ਦਾ ਬਾਹਰੋਂ ਕੁੰਡਾ ਲਾ ਦਿੱਤਾ, ਜਿਸ ‘ਤੇ ਮੈਂ ਅਤੇ ਮੇਰੇ ਬੇਟੇ ਨੇ ਆਵਾਜ਼ਾ ਮਾਰੀਆਂ ਪਰ ਉਸ ਨੇ ਕੁੰਡਾ ਨਹੀਂ ਖੋਲਿਆ।

ਇਸ ਤੋਂ ਬਾਅਦ ਮੈਂ ਆਪਣੀ ਮਾਤਾ ਜਸਵੰਤ ਰਾਣੀ ਨੂੰ ਫੋਨ ਕੀਤਾ, ਜਿਸ ‘ਤੇ ਮੇਰਾ ਭਰਾ ਦੀਪਕ ਬਜਾਜ ਮੇਰੇ ਘਰ ਆਇਆ ਤੇ ਉਸ ਨੇ ਮੇਰੇ ਕਮਰੇ ਦਾ ਕੁੰਡਾ ਖੋਲ੍ਹਿਆ ਤੇ ਅਸੀਂ ਦੂਸਰੇ ਕਮਰੇ ਵਿੱਚ ਦੇਖਿਆ ਕਿ ਮੇਰੀ ਪਤਨੀ ਨਮਰਤਾ ਸ਼ਰਮਾ ਨੇ ਪੱਖੇ ਨਾਲ ਲਟਕ ਕੇ ਫਾਹ ਲਿਆ ਹੋਇਆ ਸੀ, ਜਿਸ ਨੂੰ ਅਸੀਂ ਇਲਾਜ ਲਈ ਸਿਵਲ ਹਸਪਤਾਲ ਬੇਗੋਵਾਲ ਲੈ ਗਏ ਜਿੱਥੇ ਡਾਕਟਰ ਨੇ ਮੇਰੀ ਪਤਨੀ ਨੂੰ ਡੈੱਡ ਕਰਾਰ ਦਿੱਤਾ । ਉਸਨੇ ਦੱਸਿਆ ਕਿ ਮੇਰੀ ਪਤਨੀ ਨਮਰਤਾ ਸ਼ਰਮਾ ਨੇ ਰਵਨੀਤ ਕੌਰ ਅਤੇ ਮਨਦੀਪ ਕੌਰ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ। ਜੋ ਮੇਰੀ ਪਤਨੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਮਰੇ ਵਿੱਚ ਲਿਪਸਟਿਕ ਨਾਲ ਕਮਰੇ ਦੀ ਕੰਧ ‘ਤੇ ਲਿਖ ਗਈ ਹੈ । ਪੁਲਿਸ ਨੇ ਦੋਵਾਂ ਦੋਸ਼ੀ ਅਧਿਆਪਕਾਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ ।

ਥਾਣਾ ਮੁਖੀ ਬੇਗੋਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ ਅਤੇ ਦੋਸ਼ੀ ਅਧਿਆਪਕਾਵਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।