ਤਰਨਤਾਰਨ : ਰਿਸ਼ਤੇਦਾਰ ਨੂੰ ਨਾਲ ਦੇ ਪਿੰਡ ਮਿਲਣ ਗਏ ਦੋ ਦੋਸਤਾਂ ਦਾ ਭੇਤਭਰੇ ਹਾਲਾਤ ‘ਚ ਕਤਲ, ਖੂਨ ਨਾਲ ਲੱਥਪੱਥ ਪਈਆਂ ਸਨ ਲਾਸ਼ਾਂ

0
2472

ਤਰਨਤਾਰਨ। ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਗੁਦਾਈਕੇ ਵਿਖੇ ਭੇਦਭਰੇ ਹਾਲਾਤ ‘ਚ ਦੋ ਨੌਜਵਾਨਾਂ ਦਾ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਦਰਸ਼ਨ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਯੋਧ ਸਿੰਘ ਵਾਲਾ ਅਤੇ ਸ਼ਿੰਦਰ ਸਿੰਘ ਵਾਸੀ ਪਿੰਡ ਜੰਡ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਦਰਸ਼ਨ ਸਿੰਘ ਦੇ ਪਿਤਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਗੁਰਦਰਸ਼ਨ ਸਿੰਘ ਘਰ ਇਹ ਕਹਿ ਕੇ ਆਇਆ ਸੀ ਕਿ ਸ਼ਿੰਦਰ ਦਾ ਉਸ ਨੂੰ ਫੋਨ ਆਇਆ ਹੈ ਅਤੇ ਉਹ ਪਿੰਡ ਗੁਦਾਈਕੇ ਚਲਾ ਗਿਆ ਹੈ ਅਤੇ ਮੈਂ ਵੀ ਉਥੇ ਮਲਕੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਜਾ ਰਿਹਾ ਹਾਂ ਅਤੇ ਉਹ ਰਾਤ ਸਮੇਂ ਵਾਪਸ ਆ ਜਾਵੇਗਾ। ਪੀੜਤ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਆਪਸ ਵਿੱਚ ਮਾਸੀ ਦੇ ਪੁੱਤ ਭਰਾ ਹਨ ਅਤੇ ਮਲਕੀਤ ਸਿੰਘ ਨੇ ਹੀ ਆਪਣੇ ਡੇਰੇ ‘ਤੇ ਗੁਰਦਰਸ਼ਨ ਸਿੰਘ ਅਤੇ ਸ਼ਿੰਦਰ ਸਿੰਘ ਨੂੰ ਸੱਦਿਆ ਸੀ।

ਰਾਜਵਿੰਦਰ ਸਿੰਘ ਨੇ ਕਿਹਾ ਕਿ ਦੇਰ ਰਾਤ ਤੱਕ ਗੁਰਦਰਸ਼ਨ ਸਿੰਘ ਘਰੇ ਫੋਨ ਕਰ ਕੇ ਕਹਿੰਦਾ ਕਿ ਉਹ ਸਵੇਰੇ ਆ ਜਾਵੇਗਾ, ਹੁਣ ਨ੍ਹੇਰਾ ਹੋ ਗਿਆ ਹੈ।ਜਦ ਉਸਨੇ ਸਵੇਰ ਵੇਲੇ ਗੁਰਦਰਸ਼ਨ ਸਿੰਘ ਨੂੰ ਫੋਨ ਲਾਇਆ ਤਾਂ ਉਸ ਨੇ ਫੋਨ ਨਹੀਂ ਚੁੱਕਿਆ, ਜਿਸ ਤੋਂ ਬਾਅਦ ਉਸ ਨੇ ਪਿੰਡ ਸਭਰਾ ਤੋਂ ਆਪਣਾ ਇੱਕ ਰਿਸ਼ਤੇਦਾਰ ਪਿੰਡ ਗੁਦਾਈਕੇ ਭੇਜਿਆ ਤਾਂ ਜਦ ਉਸ ਨੇ ਇੱਥੇ ਆ ਕੇ ਵੇਖਿਆ ਤਾਂ ਸ਼ਿੰਦਰ ਸਿੰਘ ਅਤੇ ਗੁਰਦਰਸ਼ਨ ਸਿੰਘ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ, ਜਿਸ ਨੇ ਸਾਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਦਾ ਕੋਈ ਵਿਅਕਤੀ ਕਤਲ ਕਰ ਗਏ ਹਨ।

ਮ੍ਰਿਤਕ ਗੁਰਦਰਸ਼ਨ ਸਿੰਘ ਦੇ ਪਿਤਾ ਰਾਜਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਕਿਸੇ ਨਾਲ ਕੋਈ ਲੜਾਈ-ਝਗੜਾ ਹੋਇਆ। ਉਧਰ ਮੌਕੇ ‘ਤੇ ਪਹੁੰਚੇ ਡੀਐੱਸਪੀ ਸਤਨਾਮ ਸਿੰਘ ਨੇ ਕਿਹਾ ਕਿ ਮ੍ਰਿਤਕ ਦੋਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਕਤਲ ਦਾ ਮਾਮਲਾ ਦਰਜ ਕਰਕੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।