ਤਰਨਤਾਰਨ| ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ਵੱਲੋਂ ਕੀਤੀ ਜਾ ਰਹੀ ਡਿਊਟੀ ‘ਚ ਵਿਘਨ ਪਾਉਣ, ਥਾਣਾ ਮੁਖੀ ਮਹਿਲਾ ਸਬ ਇੰਸਪੈਕਟਰ ਅਤੇ ਪੁਲਸ ਮੁਲਾਜ਼ਮ ਦੀ ਵਰਦੀ ਨੂੰ ਹੱਥ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਹਰੀਕੇ ਦੇ ਮੁਖੀ ਸਬ-ਇੰਸਪੈਕਟਰ ਮੈਡਮ ਸੁਨੀਤਾ ਰਾਣੀ ਦੇ ਬਿਆਨਾਂ ਹੇਠ 3 ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਪਿੰਡ ਬੂਹ ਹਵੇਲੀਆਂ ਜਿਸ ਦੇ ਖ਼ਿਲਾਫ਼ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਹੈ, ਦੀ ਗ੍ਰਿਫ਼ਤਾਰੀ ਲਈ ਥਾਣਾ ਹਰੀਕੇ ਦੇ ਮੁਖੀ ਸਬ-ਇੰਸਪੈਕਟਰ ਸੁਨੀਤਾ ਰਾਣੀ ਸਮੇਤ ਪੁਲਸ ਪਾਰਟੀ ਮੁਲਜ਼ਮ ਦੇ ਘਰ ਪੁੱਜੇ ਸਨ। ਜਿਥੇ ਘਰ ‘ਚ ਮੌਜੂਦ ਮੁਲਜ਼ਮ ਦੇ ਰਿਸ਼ਤੇਦਾਰਾਂ ਗੁਰਮੀਤ ਕੌਰ ਪਤਨੀ ਸੁਰਜੀਤ ਸਿੰਘ, ਕੁਲਬੀਰ ਕੌਰ ਪਤਨੀ ਦਿਲਾਵਰ ਸਿੰਘ ਅਤੇ ਸਮਾਈਲਪ੍ਰੀਤ ਕੌਰ ਪੁੱਤਰੀ ਦਿਲਾਵਰ ਸਿੰਘ ਵਾਸੀ ਪਿੰਡ ਬੂਹ ਹਵੇਲੀਆਂ ਜ਼ਿਲ੍ਹਾ ਤਰਨਤਾਰਨ ਵਲੋਂ ਪੁਲਸ ਕਾਰਵਾਈ ‘ਚ ਰੁਕਾਵਟ ਪਾਈ ਗਈ।
ਇਸ ਦੌਰਾਨ ਮੁਲਜ਼ਮਾਂ ਵੱਲੋਂ ਮਹਿਲਾ ਸਬ ਇੰਸਪੈਕਟਰ ਸੁਨੀਤਾ ਰਾਣੀ ਦੀ ਵਰਦੀ ‘ਤੇ ਵੀ ਹੱਥ ਪਾਇਆ ਗਿਆ ਅਤੇ ਜਵਾਨ ਗੁਰਭੇਜ ਸਿੰਘ ਦੀ ਵਰਦੀ ਦੇ ਬਟਨ ਵੀ ਤੋੜੇ ਗਏ ਹਨ। ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਤਿੰਨ ਮਹਿਲਾ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।