ਤਰਨਤਾਰਨ : ਨਸ਼ੇ ਦਾ ਟੀਕਾ ਲਗਾਉਣ ਨਾਲ 2 ਬੱਚਿਆਂ ਦੇ ਪਿਤਾ ਦੀ ਮੌਤ, ਪਤਨੀ ਦਾ ਰੋ-ਰੋ ਬੁਰਾ ਹਾਲ

0
155

ਤਰਨਤਾਰਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਦਿਆਲ ਵਿਚ 35 ਸਾਲਾ ਰਣਜੋਧ ਸਿੰਘ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਪੁਲਿਸ ਨੇ ਨਸ਼ਾ ਤਸਕਰਾਂ ਲਵ ਸਿੰਘ ਉਰਫ਼ ਲੱਬਾ ਅਤੇ ਗਗਨਦੀਪ ਸਿੰਘ ਉਰਫ਼ ਘੁੱਗੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਰਹਾਲੀ ਦੇ ਪਿੰਡ ਦਿਆਲ (ਸ਼ਹਾਬਪੁਰ) ਵਾਸੀ ਮਹਿੰਦਰ ਸਿੰਘ ਦਾ 35 ਸਾਲਾ ਪੁੱਤਰ ਰਣਜੋਧ ਸਿੰਘ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। 2 ਬੱਚਿਆਂ ਦਾ ਪਿਤਾ ਰਣਜੋਧ ਸਿੰਘ ਕਰੀਬ 3 ਸਾਲਾਂ ਤੋਂ ਨਸ਼ੇ ਦਾ ਆਦੀ ਸੀ।

ਰਣਜੋਧ ਸਿੰਘ ਦੀ ਪਤਨੀ ਗੁਰਜੀਤ ਕੌਰ ਨੇ ਦੱਸਿਆ ਕਿ ਉਸਨੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਰਦੇ ਹੋਏ ਆਪਣੇ ਪਤੀ ਨੂੰ ਕਈ ਵਾਰ ਨਸ਼ਾ ਛੱਡਣ ਲਈ ਕਿਹਾ ਪਰ ਉਸਨੇ ਨਹੀਂ ਛੱਡਿਆ। ਰਣਜੋਧ ਨੂੰ ਵੀ 2 ਮਹੀਨੇ ਪਹਿਲਾਂ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਸਵੇਰੇ 9.30 ਵਜੇ ਰਣਜੋਧ ਸਿੰਘ ਮਿਹਨਤ-ਮਜ਼ਦੂਰੀ ਲਈ ਘਰੋਂ ਨਿਕਲਣ ਹੀ ਵਾਲਾ ਸੀ ਕਿ ਨਸ਼ਾ ਤਸਕਰਾਂ ਲਵ ਸਿੰਘ ਲੱਬਾ ਤੇ ਗਗਨਦੀਪ ਸਿੰਘ ਘੁੱਗੀ ਨੇ ਉਸ ਨੂੰ ਘਰੋਂ ਬਾਹਰ ਬੁਲਾ ਲਿਆ।

ਰਣਜੋਧ ਸਿੰਘ ਤੁਰੰਤ ਘਰੋਂ ਬਾਹਰ ਚਲਾ ਗਿਆ। ਕਰੀਬ ਤਿੰਨ ਘੰਟੇ ਬਾਅਦ ਪਤਾ ਲੱਗਾ ਕਿ ਦੋਵਾਂ ਨੇ ਰਣਜੋਧ ਸਿੰਘ ਨੂੰ ਨਸ਼ੇ ਦਾ ਟੀਕਾ ਲਗਾਇਆ। ਇਸ ਤੋਂ ਬਾਅਦ ਰਣਜੋਧ ਦੀ ਹਾਲਤ ਵਿਗੜ ਗਈ। ਉਸ ਨੂੰ ਪੱਟੀ ਮੋੜ ਸਥਿਤ ਬਾਬਾ ਬਸਤਾ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।