ਤਰਨਤਾਰਨ (ਬਲਜੀਤ ਸਿੰਘ) | ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਸਕੱਤਰਾਂ ਵਿਖੇ ਗੁਰਦੁਆਰਾ ਸਾਹਿਬ ਦੀ ਹਦੂਦ ‘ਚ ਕੁਝ ਵਿਅਕਤੀਆਂ ਵੱਲੋਂ ਐੱਸ ਸੀ ਬਰਾਦਰੀ ਦੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਪੀੜਤ ਰਛਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਕੱਤਰਾਂ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਕੋਈ ਅਨਾਊਂਸਮੈਂਟ ਕਰਵਾਉਣ ਗਿਆ ਸੀ ਕਿ ਗੁਰਦੁਆਰੇ ਵਿਖੇ ਮੌਜੂਦ ਇਕ ਸੇਵਾਦਾਰ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗਾ ਕਿ ਤੂੰ ਗੁਰਦੁਆਰਾ ਸਾਹਿਬ ‘ਚ ਬਿਨਾਂ ਸਿਰ ਢਕੇ ਕਿਵੇਂ ਅੰਦਰ ਆਇਆ ਤੇ ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਤਕਰਾਰ ਹੋ ਗਿਆ, ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਰਾਜ਼ੀਨਾਮਾ ਕਰਨ ਲਈ ਸੱਦਿਆ ਤਾਂ ਉਥੇ ਮੌਜੂਦ ਲੋਕਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਉਸ ਵੱਲੋਂ ਥਾਣੇ ‘ਚ 2 ਵਾਰ ਲਿਖਤੀ ਦਰਖਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ।
ਦੂਜੇ ਪਾਸੇ ਜਦੋਂ ਪਿੰਡ ਵਾਸੀਆਂ ਤੇ ਮੌਜੂਦਾ ਸੇਵਾਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਛਪਾਲ ਸਿੰਘ ਬਿਨਾਂ ਸਿਰ ਢਕੇ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ ਸੀ, ਜਿਸ ਨੂੰ ਜਦੋਂ ਰੋਕਿਆ ਗਿਆ ਸੀ ਤਾਂ ਉਸ ਨੇ ਉਨ੍ਹਾਂ ਨਾਲ ਤੂੰ-ਤੂੰ, ਮੈਂ-ਮੈਂ ਕੀਤੀ, ਜਿਸ ਕਰਕੇ ਰਛਪਾਲ ਸਿੰਘ ਤੇ ਉਨ੍ਹਾਂ ‘ਚ ਮਾਮੂਲੀ ਤਕਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਈ ਕੁੱਟਮਾਰ ਨਹੀਂ ਕੀਤੀ।
ਇਸ ਸਬੰਧੀ ਜਦੋਂ ਥਾਣਾ ਵਲਟੋਹਾ ਦੇ ਡਿਊਟੀ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਕੋਈ ਵੀ ਅਫਸਰ ਕੈਮਰੇ ਸਾਹਮਣੇ ਨਹੀਂ ਆਇਆ ਤੇ ਆਪਣੇ ਫੋਨ ਤੱਕ ਬੰਦ ਕਰ ਲਏ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ