ਤਰਨਤਾਰਨ | ਇਥੇ ਜੀਜੇ ਨੂੰ ਨਸ਼ਾ ਕਰਨ ਤੋਂ ਸਾਲੇ ਵਲੋਂ ਰੋਕਣ ‘ਤੇ ਘਰ ’ਚ ਆ ਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਭਾਵੇਂ ਇਸ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰਕ ਮੈਂਬਰਾਂ ’ਚ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਰਦਾਤ ਤੋਂ ਬਾਅਦ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪੀੜਤ ਦੇ ਬਿਆਨਾਂ ‘ਤੇ ਜੀਜੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਬਲਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਉਸ ਦਾ ਘਰ ਅੰਮ੍ਰਿਤਸਰ ਰੋਡ ਏਜੰਸੀ ਦੇ ਉੱਪਰ ਮੌਜੂਦ ਹੈ। ਉਸ ਨੇ ਕਿਹਾ ਕਿ ਉਸਦੀ ਭੈਣ ਜਸਬੀਰ ਕੌਰ ਦਾ ਵਿਆਹ ਕਰੀਬ 26 ਸਾਲ ਪਹਿਲਾਂ ਦਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਲਟੋਹਾ ਨਾਲ ਹੋਇਆ ਸੀ। ਬੀਤੀ 15 ਅਕਤੂਬਰ ਦੀ ਦੁਪਹਿਰ ਡੇਢ ਵਜੇ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ’ਚ ਮੌਜੂਦ ਸਨ ਤਾਂ ਉਸਦਾ ਜੀਜਾ ਦਲਵਿੰਦਰ ਸਿੰਘ 315 ਬੋਰ ਰਾਈਫ਼ਲ ਨਾਲ ਲੈਸ ਹੋ ਕੇ ਘਰ ਦੇ ਬਾਹਰ ਆ ਗਿਆ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਦਲਵਿੰਦਰ ਸਿੰਘ ਵਲੋਂ ਸਿੱਧੀਆਂ ਗੋਲੀਆਂ ਚਲਾਉਂਦੇ ਹੋਏ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕੁਝ ਗੋਲੀਆਂ ਘਰ ਦੀ ਪਾਣੀ ਵਾਲੀ ਟੈਂਕੀ ’ਚ ਜਾ ਲੱਗੀਆਂ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਆਪਣੀ ਜਾਨ ਬੜੀ ਮੁਸ਼ਕਿਲ ਨਾਲ ਬਚਾਈ। ਬਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਜੀਜੇ ਦਲਵਿੰਦਰ ਸਿੰਘ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਜਿਸ ਦੀ ਰੰਜਿਸ਼ ਤਹਿਤ ਉਨ੍ਹਾਂ ਦੇ ਪਰਿਵਾਰ ‘ਤੇ ਫ਼ਾਇਰਿੰਗ ਕੀਤੀ ਗਈ ਹੈ। ਬਲਵੰਤ ਸਿੰਘ ਦੇ ਬਿਆਨਾ ਉਤੇ ਦਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਲਟੋਹਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।