ਤਰਨਤਾਰਨ : ‘ਆਪ’ ਆਗੂ ਜਸਬੀਰ ਸਿੰਘ ਨੇ ਬਾਹਰੋਂ ਆਏ ਕੈਂਡੀਡੇਟ ਨੂੰ ਟਿਕਟ ਦੇਣ ਦੇ ਰੋਸ ‘ਚ ਪੰਜਾਬ ਕਿਸਾਨ ਵਿੰਗ ਦੇ ਜਨਰਲ ਸੈਕਟਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

0
1179

ਤਰਨਤਾਰਨ (ਬਲਜੀਤ ਸਿੰਘ) | ਆਮ ਆਦਮੀ ਪਾਰਟੀ ਵੱਲੋਂ ਪੁਰਾਣੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ ਦੂਜੀਆਂ ਪਾਰਟੀਆਂ ‘ਚੋਂ ਆਏ ਨਵੇਂ ਆਗੂਆਂ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਝਾੜੂ ਖਿੱਲਰਦਾ ਦਿਖਾਈ ਦੇ ਰਿਹਾ ਹੈ ਤੇ ਆਏ ਦਿਨ ਪੁਰਾਣੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ ਦਿੱਤੇ ਜਾ ਰਹੇ ਹਨ।

ਇਸੇ ਲੜੀ ਤਹਿਤ ਪੱਟੀ ਵਿਖੇ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਪੰਜਾਬ ਕਿਸਾਨ ਵਿੰਗ ਦੇ ਜਨਰਲ ਸੈਕਟਰੀ ਜਸਬੀਰ ਸਿੰਘ ਨੇ ਕਿਸਾਨ ਵਿੰਗ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂਆਂ ‘ਤੇ ਗੰਭੀਰ ਦੋਸ਼ ਲਾਏ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਦੇ ਪੁਰਾਣੇ ਵਰਕਰਾਂ ਨੇ ਦਿਨ-ਰਾਤ ਇਕ ਕਰਕੇ ਪਾਰਟੀ ਨੂੰ ਪਿੰਡਾਂ ਵਿੱਚ ਬੂਥ ਲੈਵਲ ‘ਤੇ ਖੜ੍ਹਾ ਕੀਤਾ ਪਰ ਪਾਰਟੀ ਨੇ ਸਾਰੇ ਪੁਰਾਣੇ ਵਰਕਰਾਂ ਨੂੰ ਲਾਂਭੇ ਕਰਦਿਆਂ ਦੂਜੀਆਂ ਪਾਰਟੀਆਂ ‘ਚੋਂ ਆਏ ਵਿਅਕਤੀਆਂ ਨੂੰ ਟਿਕਟ ਦੇ ਕੇ ਹਲਕਿਆਂ ਵਿੱਚ ਉਤਾਰ ਦਿੱਤਾ ਹੈ।

ਇਸੇ ਤਰ੍ਹਾਂ ਖੇਮਕਰਨ ਹਲਕੇ ਵਿੱਚ ਸਰਵਣ ਸਿੰਘ, ਜੋ ਪਹਿਲਾਂ ਅਕਾਲੀ ਦਲ ਤੇ ਬਾਅਦ ‘ਚ ਕਾਂਗਰਸ, ਪੀਪਲ ਪਾਰਟੀ ‘ਚ ਗਏ, ਨੂੰ ਹੁਣ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਹਲਕਾ ਖੇਮਕਰਨ ਤੋਂ ਉਮੀਦਵਾਰ ਬਣਾ ਦਿੱਤਾ ਹੈ, ਜੋ ਕਿ ਗਲਤ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੱਟੀ ਹਲਕੇ ਵਿੱਚ ਵੀ ਇਹੋ ਕੁਝ ਹੋਇਆ, ਜਿਸ ਨੂੰ ਲੈ ਕੇ ਉਨ੍ਹਾਂ ਦੇ ਮਨ ਵਿੱਚ ਰੋਸ ਹੈ। ਇਸੇ ਰੋਸ ਨੂੰ ਜ਼ਾਹਿਰ ਕਰਦਿਆਂ ਉਨ੍ਹਾਂ ਪੰਜਾਬ ਕਿਸਾਨ ਦੇ ਜਨਰਲ ਸੈਕਟਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜਦ ਤੱਕ ਪਾਰਟੀ ਪੁਰਾਣੇ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੰਦੀ ਉਦੋਂ ਤੱਕ ਉਹ ਨਾ ਤਾਂ ਕਿਸੇ ਇਲੈਕਸ਼ਨ ਵਿੱਚ ਹਿੱਸਾ ਲੈਣਗੇ ਤੇ ਨਾ ਹੀ ਕੋਈ ਪਾਰਟੀ ਦਾ ਕੰਮ ਕਰਨਗੇ, ਜੇ ਪਾਰਟੀ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਵੱਡੇ ਲੈਵਲ ਤੇ ਪਾਰਟੀ ਦੇ ਅਹੁਦੇਦਾਰ ਆਪਣਾ ਅਸਤੀਫ਼ਾ ਦੇਣ ਲਈ ਵੀ ਤਿਆਰ ਬੈਠੇ ਹਨ।