ਪੰਜਾਬ ‘ਚ ਟੀਬੀ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ : 7 ਜ਼ਿਲ੍ਹਿਆਂ ਦੇ ਹਸਪਤਾਲਾਂ ‘ਚ ਲਗਾਇਆ ਜਾਵੇਗਾ ਇਹ ਸਾਫ਼ਟਵੇਅਰ

0
3894

ਲੁਧਿਆਣਾ | ਟੀਬੀ ਦੇ ਮਰੀਜ਼ਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਡਿਵਾਈਸ AI ਸਾਫ਼ਟਵੇਅਰ ਦੀ ਵਰਤੋਂ ਹੁਣ ਪੰਜਾਬ ਵਿਚ ਟੀ.ਬੀ. ਦੇ ਮਰੀਜ਼ਾਂ ਨੂੰ ਰਾਹਤ ਦੇਣ ਲਈ ਸਰਕਾਰ ਵੱਲੋਂ ਕੀਤੀ ਜਾਵੇਗੀ। ਹਾਲਾਂਕਿ ਇਹ ਸਾਫ਼ਟਵੇਅਰ ਪਹਿਲਾਂ ਹੀ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਚੱਲ ਰਿਹਾ ਹੈ। ਟੀ.ਬੀ. ਦੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਸਿਹਤ ਵਿਭਾਗ ਇਸ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿਚ ਵੀ ਕਰਨ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਵਿਚ ਰੇਡੀਓਲੋਜਿਸਟਾਂ ਦੀ ਘਾਟ ਹੈ। ਇਥੇ ਸਿਰਫ਼ 2 ਸਰਕਾਰੀ ਰੇਡੀਓਲੋਜਿਸਟ ਹਨ, ਇਕ ਲੁਧਿਆਣਾ ਦੇ ਸਿਵਲ ਹਸਪਤਾਲ ਅਤੇ ਦੂਜਾ ਸਮਰਾਲਾ ਸਿਵਲ ਹਸਪਤਾਲ ਵਿਚ ਹੈ। ਅਜਿਹੇ ‘ਚ ਇਹ ਪ੍ਰੋਜੈਕਟ ਇਥੇ ਕਾਫੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

ਲੁਧਿਆਣਾ ਦੇ ਟੀਬੀ ਅਧਿਕਾਰੀ ਨੇ ਦੱਸਿਆ ਕਿ ਖੰਨਾ ਸਿਵਲ ਹਸਪਤਾਲ ਵਿਚ ਇਹ ਪ੍ਰੋਜੈਕਟ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜਿਥੇ ਨਾ ਤਾਂ ਰੇਡੀਓਲੋਜਿਸਟ ਹੈ ਅਤੇ ਨਾ ਹੀ ਪਲਮੋਨੋਲੋਜਿਸਟ ਹਨ। ਇਥੇ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਹੈ। “Qure.ai ਇਕ ਨਕਲੀ ਬੁੱਧੀ-ਆਧਾਰਿਤ ਛਾਤੀ ਦਾ ਐਕਸ-ਰੇ ਵਿਆਖਿਆ ਸਾਫ਼ਟਵੇਅਰ ਹੈ ਜੋ ਟੀ.ਬੀ. ਦਾ ਪਤਾ ਲਗਾ ਸਕਦਾ ਹੈ ਅਤੇ ਟੀ.ਬੀ. ਸਕ੍ਰੀਨਿੰਗ ਵਿਚ ਮਦਦ ਕਰ ਸਕਦਾ ਹੈ। ਇਹ ਸਾਫ਼ਟਵੇਅਰ ਟੀ. ਬੀ. ਸਮੇਤ ਪਲਮਨਰੀ ਪੈਥੋਲੋਜੀ ਦੇ ਨਿਦਾਨ ਲਈ ਲਾਭਦਾਇਕ ਸਾਬਤ ਹੋਵੇਗਾ।

ਇਹ ਸਾਫ਼ਟਵੇਅਰ ਪਾਇਲਟ ਪ੍ਰੋਜੈਕਟ ਤਹਿਤ ਸੂਬੇ ਦੇ 7 ਜ਼ਿਲ੍ਹਿਆਂ ਦੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਵਿਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਮਾਨਸਾ, ਰੋਪੜ ਅਤੇ ਤਰਨਤਾਰਨ ਸ਼ਾਮਲ ਹਨ। ਇਹ ਸਹੂਲਤ ਉਨ੍ਹਾਂ ਇਲਾਕਿਆਂ ਨੂੰ ਦਿੱਤੀ ਜਾ ਰਹੀ ਹੈ, ਜਿਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਇਹ ਐਪ ਮਰੀਜ਼ ਦਾ ਐਕਸ-ਰੇ ਕਰਨ ਵਾਲੇ ਰੇਡੀਓਲੋਜਿਸਟ ਦੇ ਮੋਬਾਇਲ ਵਿਚ ਇੰਸਟਾਲ ਹੋਵੇਗਾ, ਜਿਸ ਕਾਰਨ ਟੀ.ਬੀ. ਦੇ ਮਰੀਜ਼ ਦਾ ਤੁਰੰਤ ਪਤਾ ਲਗਾਇਆ ਜਾ ਸਕਦਾ ਹੈ।