ਪਤੀਲਾ ਚੋਰੀ ਕਰਨ ਦੇ ਸ਼ੱਕ ‘ਚ ਵਿਅਕਤੀ ਨੇ ਬਜ਼ੁਰਗ ਉਤਾਰਿਆ ਮੌਤ ਦੇ ਘਾਟ

0
1077

ਤਰਨਤਾਰਨ | ਇਥੋਂ ਦੇ ਪਿੰਡ ਡਿਆਲ ਰਾਜਪੂਤਾਂ ‘ਚ ਪਤੀਲਾ ਚੋਰੀ ਕਰਨ ਦੇ ਸ਼ੱਕ ‘ਚ 60 ਸਾਲ ਦੇ ਬਜ਼ੁਰਗ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮ ਅਜੇ ਫਰਾਰ ਹੈ।

ਅਮਰਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪਿੰਡ ਦਾ ਹੀ ਸੁਖਦੇਵ ਸਿੰਘ ਸੁੱਖਾ ਪੁੱਤਰ ਹਰਬੰਸ ਸਿੰਘ ਉਸਦੇ ਪਤੀ ਜਿਊਣ ਸਿੰਘ (60) ਨੂੰ ਘਰੋਂ ਬੁਲਾ ਕੇ ਆਪਣੇ ਘਰ ਲੈ ਗਿਆ। ਜਦੋਂ ਕਾਫੀ ਦੇਰ ਪਤੀ ਵਾਪਸ ਨਾ ਆਇਆ ਤਾਂ ਉਹ ਆਪਣੀ ਲੜਕੀ ਮਨਜੀਤ ਕੌਰ ਸਮੇਤ ਪਤੀ ਨੂੰ ਬੁਲਾਉਣ ਲਈ ਸੁਖਦੇਵ ਦੇ ਘਰ ਗਈ।

ਜਦੋਂ ਉਹ ਉਥੇ ਪੁੱਜੀ ਤਾਂ ਵੇਖਿਆ ਕਿ ਸੁੱਖਾ ਉਸਦੇ ਪਤੀ ਨੂੰ ਲੱਤਾਂ ਮਾਰ ਰਿਹਾ ਸੀ ਤੇ ਲੋਹੇ ਦੀ ਸੱਬਲ ਮਾਰ-ਮਾਰ ਕੇ ਲਹੂ-ਲੁਹਾਨ ਕੀਤਾ ਹੋਇਆ ਸੀ। ਉਨ੍ਹਾਂ ਨੂੰ ਵੇਖ ਕੇ ਸੁਖਦੇਵ ਸਿੰਘ ਫਰਾਰ ਹੋ ਗਿਆ। ਆਪਣੇ ਪਤੀ ਨੂੰ ਉਹ ਕੈਰੋਂ ਦੇ ਸਰਕਾਰੀ ਹਸਪਤਾਲ ਲੈ ਗਈ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਸੁਖਦੇਵ ਉਸਦੇ ਪਤੀ ਉੱਪਰ ਪਤੀਲਾ ਚੋਰੀ ਕਰਨ ਦਾ ਸ਼ੱਕ ਕਰਦਾ ਸੀ, ਜਿਸ ਕਰਕੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਤਨੀ ਦੇ ਬਿਆਨਾਂ ‘ਤੇ ਸੁਖਦੇਵ ਪੁੱਤਰ ਹਰਬੰਸ ਸਿੰਘ ਵਾਸੀ ਡਿਆਲ ਰਾਜਪੂਤਾਂ ਨੂੰ ਨਾਮਜ਼ਦ ਕਰ ਲਿਆ ਹੈ।