ਹੜਤਾਲ ਕਾਰਨ ਸਿਹਤ ਸੇਵਾਵਾਂ ਠੱਪ : ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਨਹੀਂ ਹੋ ਸਕੀ ਡਿਲੀਵਰੀ, ਪੇਟ ‘ਚ ਬੱਚੇ ਦੀ ਮੌਤ, ਕਪੂਰਥਲਾ : ਗਰਭਵਤੀ ਨੇ ਬਾਥਰੂਮ ‘ਚ ਦਿੱਤਾ ਬੱਚੇ ਨੂੰ ਜਨਮ

0
4188

ਪਟਿਆਲਾ | ਨਰਸਾਂ ਦੀ ਹੜਤਾਲ ਕਾਰਨ ਰਾਜਿੰਦਰਾ ਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ‘ਚ ਮਰੀਜ਼ਾਂ ਦਾ ਬੁਰਾ ਹਾਲ ਹੈ। ਇਲਾਜ ਨਾ ਮਿਲਣ ਕਾਰਨ ਸ਼ੁੱਕਰਵਾਰ ਸਵੇਰੇ ਰਾਜਿੰਦਰਾ ਦੇ ਗਾਇਨੀ ਵਿਭਾਗ ਵਿੱਚ ਮਰੀਜ਼ਾਂ ਨੇ ਹੰਗਾਮਾ ਕਰ ਦਿੱਤਾ।

ਉਨ੍ਹਾਂ ਆਰੋਪ ਲਾਇਆ ਕਿ ਡਾਕਟਰਾਂ ਨੇ ਇਲਾਜ ਵਿੱਚ ਲਾਪ੍ਰਵਾਹੀ ਵਰਤੀ, ਜਿਸ ਕਾਰਨ ਬੱਚੇ ਦੀ ਪੇਟ ਵਿੱਚ ਹੀ ਮੌਤ ਹੋ ਗਈ। ਮਰੀਜ਼ ਨੂੰ ਸਹੀ ਇਲਾਜ ਨਹੀਂ ਮਿਲਿਆ। ਉਥੇ ਹੀ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਨੇ ਲਾਪ੍ਰਵਾਹੀ ਦੇ ਆਰੋਪਾਂ ਤੋਂ ਇਨਕਾਰ ਕੀਤਾ ਹੈ।

ਪਰਿਵਾਰ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ

“ਡਾਕਟਰਾਂ ਨੇ ਕੋਈ ਲਾਪ੍ਰਵਾਹੀ ਨਹੀਂ ਕੀਤੀ। ਔਰਤ ਦੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਉਹ ਮਰੀਜ਼ ਨੂੰ ਰੈਫਰ ਕਰ ਰਹੇ ਹਨ, ਉਸ ਤੋਂ ਬਾਅਦ ਵੀ ਉਹ ਨਹੀਂ ਲੈ ਕੇ ਗਏ। ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਨਰਸਿੰਗ ਸਟਾਫ਼ ਹੜਤਾਲ ‘ਤੇ ਹੈ, ਪ੍ਰੇਸ਼ਾਨੀ ਹੋ ਸਕਦੀ ਹੈ। ਜੇਕਰ ਪਰਿਵਾਰ ਦੇ ਲੋਕ ਸ਼ਿਕਾਇਤ ਦਿੰਦੇ ਹਨ ਤਾਂ ਜਾਂਚ ਕਰਵਾਈ ਜਾਵੇਗੀ। ਹੜਤਾਲ ‘ਤੇ ਟਿੱਪਣੀ ਨਹੀਂ ਕਰ ਸਕਦਾ।”

-ਡਾ. ਪ੍ਰਮੋਦ ਕੁਮਾਰ, ਕਾਰਜਕਾਰੀ ਐੱਮ.ਐੱਸ. ਰਾਜਿੰਦਰਾ ਹਸਪਤਾਲ

ਗਰਭਵਤੀ ਨੇ ਬਾਥਰੂਮ ‘ਚ ਦਿੱਤਾ ਬੱਚੇ ਨੂੰ ਜਨਮ

ਕਪੂਰਥਲਾ | ਸਿਵਲ ਹਸਪਤਾਲ ਕਪੂਰਥਲਾ ਦੀਆਂ ਸਟਾਫ਼ ਨਰਸਾਂ 6 ਦਸੰਬਰ ਤੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ। ਇਸ ਦੌਰਾਨ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਨਾਲ ਮੀਟਿੰਗ ਵੀ ਕੀਤੀ ਗਈ ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ।

ਸੂਬੇ ਭਰ ਦੀਆਂ ਨਰਸਾਂ ਹੜਤਾਲ ‘ਤੇ ਹਨ। ਨਰਸਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੜਤਾਲ ਦੌਰਾਨ ਵੀਰਵਾਰ ਸ਼ਾਮ ਸਿਵਲ ਹਸਪਤਾਲ ਪਹੁੰਚੀ ਇਕ ਗਰਭਵਤੀ ਔਰਤ ਨੇ ਜਣੇਪੇ ਲਈ ਨਰਸ ਨਾ ਮਿਲਣ ਕਾਰਨ ਸਿਵਲ ਹਸਪਤਾਲ ਦੇ ਬਾਥਰੂਮ ਵਿੱਚ ਬੱਚੇ ਨੂੰ ਜਨਮ ਦਿੱਤਾ।

ਇਸ ਸਬੰਧੀ ਜਦੋਂ ਐੱਸਐੱਮਓ ਡਾ. ਸੰਦੀਪ ਧਵਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਡਾਕਟਰ ਭੇਜ ਕੇ ਔਰਤ ਨੂੰ ਬਾਥਰੂਮ ਵਿੱਚੋਂ ਚੁੱਕ ਕੇ ਐਮਰਜੈਂਸੀ ਲੇਬਰ ਰੂਮ ਵਿੱਚ ਸ਼ਿਫਟ ਕੀਤਾ। ਮਾਂ ਤੇ ਬੱਚਾ ਦੋਵੇਂ ਤੰਦਰੁਸਤ ਹਨ। ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਮੇਂ-ਸਮੇਂ ‘ਤੇ ਮਾਂ ਤੇ ਬੱਚੇ ਦੋਵਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ