ਸੂਬਾ ਸਰਕਾਰ ਦਾ ਐਲਾਨ, ਲੋਕਾਂ ਨੂੰ ਭੈਅਭੀਤ ਹੋਣ ਦੀ ਲੋੜ ਨਹੀਂ, ਖਾਣ-ਪੀਣ ਦੀਆਂ ਵਸਤਾਂ ਦੀ ਨਹੀਂ ਆਵੇਗੀ ਥੋੜ੍ਹ : ਰੰਧਾਵਾ

    0
    387

    ਜਲੰਧਰ . ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਮਿਲਕਫੈਡ ਦੇ ਬਰਾਂਡ ਵੇਰਕਾ ਵੱਲੋਂ ਖਪਤਕਾਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਦਾ ਮੁਲਾਂਕਣ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਭੈਅਭੀਤ ਹੋਣ ਦੀ ਲੋੜ ਨਹੀਂ ਹੈ ਅਤੇ ਨਾਲ ਹੀ ਕਿਹਾ ਕਿ ਦੁੱਧ ਦੀ ਸਪਲਾਈ ਦੌਰਾਨ ਸਾਫ-ਸਫਾਈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣ ਕੀਤੀ ਜਾ ਰਹੀ ਹੈ।

    ਪ੍ਰੈੱਸ ਬਿਆਨ ਵਿੱਚ ਰੰਧਾਵਾ ਨੇ ਕਿਹਾ ਕਿ ਮਿਲਕਫੈਡ ਵੱਲੋਂ ਜਿੱਥੇ ਦੁੱਧ ਦੀ ਸਪਲਾਈ ਵਧਾਉਂਦਿਆਂ ਉਪਭੋਗਤਾ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ, ਉਥੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਲੰਬੇ ਮਿਆਦ ਵਾਲੇ ਦੁੱਧ ਦੀ ਪੈਕੇਟਾਂ ਤੇ ਸੁੱਕੇ ਦੁੱਧ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ ਤੇ 150 ਮੀਟਰਿਕ ਟਨ ਦੁੱਧ ਵਾਲਾ ਪਾਊਡਰ ਜੋ 15 ਲੱਖ ਲਿਟਰ ਦੁੱਧ ਦੀ ਥਾਂ ਵਰਤਿਆ ਜਾ ਸਕਦਾ ਹੈ, ਆਉਂਦੇ ਸੱਤ ਦਿਨਾਂ ਅੰਦਰ ਸਪਲਾਈ ਕਰ ਦਿੱਤਾ ਜਾਵੇਗਾ।

    ਰੰਧਾਵਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭੈਅ ਭੀਤ ਨਾ ਹੋਣ ਅਤੇ ਮਿਲਕਫੈਡ ਹਰ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੁੱਧ ਦੀ ਪ੍ਰੋਸੈਸਿੰਗ ਪਿਛਲੇ ਸਾਲ ਦੇ ਮਾਰਚ ਮਹੀਨੇ ਨਾਲੋਂ 16 ਫੀਸਦੀ ਵੱਧ ਹੈ ਜਿਸ ਕਾਰਨ ਉਹਨਾਂ ਦਾ ਵਿਭਾਗ ਹਰ ਮੰਗ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਉਹਨਾਂ ਦੇ ਅਦਾਰੇ ਵੱਲੋਂ ਹਰ ਤਰ੍ਹਾਂ ਦੀ ਇਹਤਿਆਤ ਅਤੇ ਸਾਫ ਤੇ ਸ਼ੁੱਧ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੀ ਸਪਲਾਈ ਯਕੀਨੀ ਬਣਾਈ ਗਈ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਅਤਿ-ਆਧੁਨਿਕ ਤਕਨੀਕਾਂ ਵਾਲੇ ਪਲਾਂਟਾਂ ਵਿੱਚ ਸਾਰੇ ਸਫਾਈ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ। ਵਿਸ਼ਵ ਸਿਹਤ ਸੰਸਥਾ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਿਹਤ ਸਬੰਧੀ ਜਾਰੀ ਦਿਸ਼ਾਂ ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।

    ਚੇਅਰਮੈਨ ਨੇ ਕਿਹਾ ਕਿ ਦੁੱਧ ਦੀ ਸਪਲਾਈ ਵੇਰਕਾਂ ਪ੍ਰਾਸੈਸਿੰਗ ਪਲਾਂਟ ਤੋਂ ਉਪਭੋਗਤਾ ਤੱਕ ਪਹੁੰਚਾਣ ਦੇ ਹਰ ਪੱਧਰ ਤੱਕ ਸਪਲਾਈ ਚੇਨ ਵਿੱਚ ਸਾਫ ਸਫਾਈ ਤੇ ਸ਼ੁੱਧਤਾ ਦੇ ਮਿਆਰਾਂ ਨੂੰ ਕਾਇਮ ਰੱਖਣਾ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਭੁਗਤਾਨ ਵੀ ਸਮੇਂ ਸਿਰ ਹੁੰਦਾ ਰਹੇਗਾ। ਮਿਲਕਫੈਡ ਦੇ ਐੱਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਅੱਗੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਰੋਜ਼ਾਨਾ 12 ਲੱਖ ਲਿਟਰ ਦੁੱਧ ਪੰਜਾਬ ਤੇ ਗੁਆਂਢੀ ਸੂਬਿਆਂ ਨੂੰ ਸਪਲਾਈ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਸਪਲਾਈ ਤਾਂ ਯਕੀਨੀ ਬਣਾਈ ਹੀ ਗਈ ਹੈ ਪਰ ਫੇਰ ਵੀ ਕਿਸੇ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਮਿਲਕਫੈਡ ਕੋਲ 100 ਤੋਂ 180 ਦਿਨਾਂ ਤੱਕ ਮਿਆਦ ਵਾਲੇ ਦੁੱਧ ਦੀ ਸਪਲਾਈ ਵੀ ਮੌਜੂਦ ਹੈ ਜੋ ਤਾਜ਼ੇ ਦੁੱਧ ਦਾ ਬਦਲ ਸਾਬਤ ਹੋ ਸਕਦੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।