ਖੇਡ ਮੰਤਰੀ ਨੇ ਮਾੜੇ ਖਾਣੇ ਦਾ ਲਿਆ ਗੰਭੀਰ ਨੋਟਿਸ, ਠੇਕੇਦਾਰ ਨੂੰ ਤਾੜਨਾ, ਮਿਆਰੀ ਖਾਣਾ ਪਰੋਸਣ ਦੇ ਨਿਰਦੇਸ਼

0
3281

ਚੰਡੀਗੜ੍ਹ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁਹਾਲੀ ਦੇ ਫੇਜ਼ 9 ਸਥਿਤ ਖੇਡ ਕੰਪਲੈਕਸ ਵਿੱਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਦੇ ਵਿੰਗ ਵਿੱਚ ਮੈਸ ਦੀ ਅਚਨਚੇਤੀ ਚੈਕਿੰਗ ਕਰਦਿਆਂ ਖਿਡਾਰੀਆਂ ਨੂੰ ਪਰੋਸੇ ਜਾ ਰਹੇ ਮਾੜੇ ਖਾਣੇ ਦਾ ਗੰਭੀਰ ਨੋਟਿਸ ਲਿਆ ਹੈ।

ਖੇਡ ਮੰਤਰੀ ਨੇ ਖੁਦ ਖਾਣਾ ਵੀ ਖਾਧਾ ਅਤੇ ਮੈੱਸ ਵਿੱਚ ਖਾਣਾ ਤਿਆਰ ਕਰਨ ਲਈ ਰੱਖੀ ਸਮੱਗਰੀ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਮੈੱਸ ਦਾ ਖਾਣਾ ਬਿਲਕੁਲ ਵੀ ਤਸੱਲੀਬਖ਼ਸ਼ ਨਹੀਂ ਹੈ। ਉਨ੍ਹਾਂ ਖਾਣੇ ਦੇ ਮਾੜੇ ਮਿਆਰ ਅਤੇ ਖਿਡਾਰੀਆਂ ਲਈ ਲੋੜੀਂਦੀ ਪੌਸ਼ਟਿਕ ਖੁਰਾਕ ਦੀ ਕਮੀ ਨੂੰ ਲੈ ਕੇ ਜਿੱਥੇ ਮੌਕੇ ਉਤੇ ਮੌਜੂਦ ਮੈੱਸ ਕਰਮੀਆਂ ਨੂੰ ਤਾੜਨਾ ਕੀਤੀ, ਉਥੇ ਠੇਕੇਦਾਰ ਨੂੰ ਮੌਕੇ ਉਤੇ ਹੀ ਫੋਨ ਕਰਕੇ ਅਜਿਹਾ ਵਰਤਾਰਾ ਨਾ ਸਹਿਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਖਿਡਾਰੀਆਂ ਦੀ ਸਿਹਤ ਅਤੇ ਡਾਇਟ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਠੇਕੇਦਾਰ ਨੂੰ ਸਪੱਸ਼ਟ ਕੀਤਾ ਕਿ ਅਜਿਹਾ ਦੁਬਾਰਾ ਵਾਪਰਨ ਉਤੇ ਠੇਕਾ ਰੱਦ ਵੀ ਕਰ ਦਿੱਤਾ ਜਾਵੇਗਾ।

ਮੀਤ ਹੇਅਰ ਦੇ ਨਿਰਦੇਸ਼ਾਂ ਉਤੇ ਪੀ.ਆਈ.ਐਸ. ਵੱਲੋਂ ਠੇਕੇਦਾਰ ਨੂੰ ਤਾੜਨਾ ਪੱਤਰ ਜਾਰੀ ਕਰਕੇ ਕਿਹਾ ਕਿ ਖਾਣ ਵਾਲੇ ਮਿਆਰੀ ਉਤਪਾਦ ਹੀ ਵਰਤੇ ਜਾਣ ਅਤੇ ਡਾਇਟ ਲਈ ਲਾਜ਼ਮੀ ਪੌਸ਼ਟਿਕ ਭੋਜਨ ਖਿਡਾਰੀਆਂ ਨੂੰ ਪਰੋਸਿਆ ਜਾਣਾ ਯਕੀਨੀ ਬਣਾਇਆ ਜਾਵੇ। ਖੇਡ ਮੰਤਰੀ ਨੇ ਸੂਬੇ ਦੀਆਂ ਸਮੂਹ ਮੈੱਸਾਂ ਦੇ ਠੇਕੇਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਅਜਿਹੀ ਚੈਕਿੰਗ ਮੁਹਿੰਮ ਸੂਬੇ ਭਰ ਵਿੱਚ ਜਾਰੀ ਰੱਖਣਗੇ ਅਤੇ ਡਾਇਟ ਵਿੱਚ ਪਾਈ ਜਾਣ ਵਾਲੀ ਘਾਟ ਅਤੇ ਮਾੜੇ ਮਿਆਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀ ਨੂੰ ਉਚਿਤ ਡਾਇਟ ਹੀ ਨਹੀਂ ਮਿਲੇਗੀ ਤਾਂ ਬਿਹਤਰ ਨਤੀਜੇ ਕਿਵੇਂ ਆਉਣਗੇ।

ਜ਼ਿਕਰਯੋਗ ਹੈ ਕਿ ਪੀ.ਆਈ.ਐਸ. ਦੇ ਇਸ ਖੇਡ ਵਿੰਗ ਵਿੱਚ ਹਾਕੀ, ਮੁੱਕੇਬਾਜ਼ੀ, ਕੁਸ਼ਤੀ, ਜੂਡੋ, ਵੇਟਲਿਫਟਿੰਗ, ਬਾਸਕਟਬਾਲ, ਜਿਮਨਾਸਟਿਕ ਦੇ ਕਰੀਬ 350 ਖਿਡਾਰੀ ਸਿਖਲਾਈ ਲੈ ਰਹੇ ਹਨ। ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਵੀ ਹਾਜ਼ਰ ਸਨ।